ਚੰਡੀਗੜ੍ਹ ਡੈਸਕ: ਪੰਜਾਬ 'ਚ ਮੁੜ ਅਕਾਲੀ-ਭਾਜਪਾ ਗਠਜੋੜ ਦੀਆਂ ਤਿਆਰੀਆਂ ਹੋ ਰਹੀਆਂ ਹਨ। ਅਕਾਲੀ ਦਲ ਨੇ ਭਲਕੇ ਆਪਣੇ ਸਾਰੇ ਜਿਲ੍ਹਾ ਪ੍ਰਧਾਨਾਂ ਅਤੇ ਹਲਕਿਆਂ ਦੇ ਇੰਚਾਰਜਾਂ ਨੂੰ ਸੱਦਿਆ ਹੈ। ਜਾਣਕਾਰੀ ਮੁਤਾਬਿਕ ਉਸ ਤੋਂ ਪਹਿਲਾਂ ਇਕ ਖਾਸ ਰਣਨੀਤੀ ਤਿਆਰ ਕੀਤੀ ਜਾ ਰਹੀ ਹੈ ਅਤੇ ਅਟਕਲਾਂ ਇਹ ਵੀ ਨੇ ਕਿ ਇਹ ਸਾਰਾ ਕੁੱਝ ਮੁੜ ਗਠਜੋੜ ਕਰਨ ਲਈ ਕੀਤਾ ਦਾ ਰਿਹਾ ਹੈ। ਮੀਟਿੰਗ ਤੋਂ ਬਾਅਦ ਅਕਾਲੀ ਦਲ ਦੇ ਆਗੂ ਡਾ.ਦਲਜੀਤ ਸਿੰਘ ਨੇ ਦੱਸਿਆ ਕਿ ਅੱਜ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨਾਲ ਗੈਰ ਰਸਮੀ ਮੀਟਿੰਗ ਹੋਈ, ਜਿਸ ਵਿੱਚ ਪਾਰਟੀ ਦੀ ਭਵਿੱਖੀ ਰਣਨੀਤੀ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਪੰਜਾਬ ਦੇ ਚੱਲ ਰਹੇ ਸਿਆਸੀ ਹਾਲਾਤਾਂ 'ਤੇ ਚਰਚਾ ਹੋਈ ਹੈ ਕਿ ਕਿਵੇਂ ਪੰਜਾਬ ਸਰਕਾਰ ਧਾਰਮਿਕ ਮਾਮਲਿਆਂ 'ਚ ਸਿੱਧੀ ਦਖਲਅੰਦਾਜ਼ੀ ਕਰ ਰਹੀ ਹੈ। ਦਲਜੀਤ ਚੀਮਾ ਨੇ ਫਿਲਹਾਲ ਭਾਜਪਾ ਨਾਲ ਗਠਜੋੜ ਦੀਆਂ ਸੰਭਾਵਨਾਵਾਂ ਤੋਂ ਇਨਕਾਰ ਕੀਤਾ ਹੈ। ਕੱਲ੍ਹ ਚੰਡੀਗੜ੍ਹ ਵਿੱਚ ਪਾਰਟੀ ਦੇ ਸਾਰੇ ਜ਼ਿਲ੍ਹਾ ਪ੍ਰਧਾਨਾਂ ਅਤੇ ਵਿਧਾਨ ਸਭਾ ਇੰਚਾਰਜਾਂ ਦੀ ਮੀਟਿੰਗ ਸੱਦੀ ਹੈ, ਜਿਸ ਵਿੱਚ ਭਵਿੱਖ ਦੀ ਰਣਨੀਤੀ ਤਿਆਰ ਕੀਤੀ ਜਾਵੇਗੀ।
ਦਰਅਸਲ, ਕਿਸੇ ਸਮੇਂ ਘਿਓ-ਖਿਚੜੀ ਵਾਂਗ ਸਿਆਸੀ ਭਾਈਵਾਲ ਰਹੇ ਅਕਾਲੀ-ਭਾਜਪਾ ਦਾ ਦਹਾਕੇ ਪੁਰਾਣੇ ਨਾਤਾ ਕਿਸਾਨ ਅੰਦੋਲਨ ਦੌਰਾਨ 2 ਸਾਲ ਪਹਿਲਾਂ ਟੁੱਟ ਗਿਆ ਸੀ,ਪਰ ਹੁਣ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਨੇ ਕਿ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਪੰਜਾਬ ਵਿੱਚ ਮੁੜ ਤੋਂ ਗਠਜੋੜ ਕਰ ਸਕਦੇ ਨੇ। ਇਸ ਵਿਚਾਲੇ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਵੀ ਚੰਡੀਗੜ੍ਹ ਵਿੱਚ ਹੋ ਰਹੀ ਹੈ ਅਤੇ ਇਸ ਮੀਟਿੰਗ ਦਾ ਮਕਸਦ ਵੀ ਭਾਜਪਾ ਨਾਲ ਗੱਠਜੋੜ ਸਬੰਧੀ ਚੱਲ ਰਿਹਾ ਮੁੱਦਾ ਹੀ ਦੱਸਿਆ ਜਾ ਰਿਹਾ ਹੈ।
ਕੋਰ ਕਮੇਟੀ ਦੀ ਮੀਟਿੰਗ: ਮੀਡੀਆ ਰਿਪੋਰਟਾਂ ਮੁਤਾਬਿਕ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅਤੇ ਭਾਜਪਾ ਹਾਈਕਮਾਂਡ ਵਿਚਾਲੇ ਪਹਿਲਾਂ ਹੀ ਇਸ ਗਠਜੋੜ ਦੇ ਮੁੱਦੇ ਉੱਤੇ ਚਰਚਾ ਹੋ ਚੁੱਕੀ ਹੈ। ਹੁਣ ਕਿਹਾ ਜਾ ਰਿਹਾ ਕਿ ਗਠਜੋੜ ਤੋਂ ਬਾਅਦ ਲੋਕ ਸਭਾ ਅਤੇ ਵਿਧਾਨ ਸਭਾ ਸੀਟਾਂ ਦੀ ਵੰਡ ਦੇ ਫਾਰਮੂਲੇ 'ਤੇ ਵੀ ਸਹਿਮਤੀ ਬਣੀ ਹੈ। ਸੁਖਬੀਰ ਬਾਦਲ ਇਸ ਸਬੰਧੀ ਪਾਰਟੀ ਦੀ ਪ੍ਰਵਾਨਗੀ ਲੈਣ ਲਈ ਅੱਜ ਚੰਡੀਗੜ੍ਹ ਵਿੱਚ ਕੋਰ ਕਮੇਟੀ ਦੀ ਮੀਟਿੰਗ ਕਰ ਰਹੇ ਹਨ। ਕੱਲ੍ਹ ਉਨ੍ਹਾਂ ਨੇ ਵਿਧਾਨ ਸਭਾ ਹਲਕਿਆਂ ਦੇ ਜ਼ਿਲ੍ਹਾ ਪ੍ਰਧਾਨਾਂ ਅਤੇ ਇੰਚਾਰਜਾਂ ਦੀ ਮੀਟਿੰਗ ਵੀ ਬੁਲਾਈ ਹੈ। ਜੇਕਰ ਗਠਜੋੜ ਹੁੰਦਾ ਹੈ ਤਾਂ ਸੁਖਬੀਰ ਬਾਦਲ ਜਾਂ ਉਨ੍ਹਾਂ ਦੀ ਸੰਸਦ ਮੈਂਬਰ ਪਤਨੀ ਹਰਸਿਮਰਤ ਕੌਰ ਬਾਦਲ ਕੇਂਦਰ ਦੀ ਐਨਡੀਏ ਸਰਕਾਰ ਵਿੱਚ ਮੁੜ ਮੰਤਰੀ ਬਣ ਜਾਣਗੇ। ਹਰਸਿਮਰਤ ਨੇ ਗਠਜੋੜ ਤੋੜਨ ਤੋਂ ਕੁਝ ਦਿਨ ਬਾਅਦ ਕੇਂਦਰ ਵਿੱਚ ਫੂਡ ਪ੍ਰੋਸੈਸਿੰਗ ਮੰਤਰੀ ਦਾ ਅਹੁਦਾ ਛੱਡ ਦਿੱਤਾ ਸੀ। ਉਨ੍ਹਾਂ ਦੇ ਆਪਣੇ ਪੁਰਾਣੇ ਮੰਤਰਾਲੇ ਨਾਲ ਮੰਤਰੀ ਬਣਨ ਦੀਆਂ ਸੰਭਾਵਨਾਵਾਂ ਜ਼ਿਆਦਾ ਹਨ। ਜੇਕਰ ਸੁਖਬੀਰ ਕੇਂਦਰ 'ਚ ਸ਼ਾਮਲ ਹੁੰਦੇ ਹਨ ਤਾਂ ਉਨ੍ਹਾਂ ਨੂੰ ਖੇਤੀਬਾੜੀ ਮੰਤਰੀ ਬਣਾਇਆ ਜਾ ਸਕਦਾ ਹੈ। ਕੇਂਦਰ ਸਰਕਾਰ 'ਚ ਜਲਦ ਹੀ ਮੰਤਰੀ ਮੰਡਲ 'ਚ ਫੇਰਬਦਲ ਹੋਣ ਦੀ ਸੰਭਾਵਨਾ ਹੈ, ਉਸ 'ਚ ਵੀ ਇਹ ਫੈਸਲਾ ਲਿਆ ਜਾ ਸਕਦਾ ਹੈ।
ਗਠਜੋੜ ਦੀ ਦੋਵਾਂ ਨੂੰ ਜ਼ਰੂਰਤ: ਦੱਸ ਦਈਏ ਇਹ ਗਠਜੋੜ ਦੋਵਾਂ ਪਾਰਟੀਆਂ ਲਈ ਪੰਜਾਬ ਵਿੱਚ ਇਸ ਲਈ ਮਹੱਤਵਪੂਰਨ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦਾ ਪੰਜਾਬ ਵਿੱਚ ਸਿਆਸੀ ਵਜੂਦ ਕੰਢੇ ਉੱਤੇ ਹੈ ਅਤੇ ਦੂਜੇ ਪਾਸੇ ਭਾਜਪਾ ਦੇ ਪੰਜਾਬ ਵਿੱਚ ਪੈਰ ਹੀ ਨਹੀਂ ਲੱਗ ਰਹੇ। ਇਸ ਦੌਰਾਨ ਦੇਸ਼ ਵਿੱਚ ਅਗਲੇ ਸਾਲ 2024 ਵਿੱਚ ਲੋਕ ਸਭਾ ਚੋਣਾਂ ਵੀ ਹੋਣੀਆਂ ਹਨ। ਭਾਜਪਾ ਨੂੰ ਹਰਾਉਣ ਲਈ ਸਾਰੀਆਂ ਵਿਰੋਧੀ ਪਾਰਟੀਆਂ ਇੱਕ ਮੋਰਚੇ 'ਤੇ ਇਕੱਠੀਆਂ ਹੋ ਰਹੀਆਂ ਹਨ। ਅਜਿਹੇ 'ਚ ਵਿਰੋਧੀਆਂ ਦਾ ਗਠਜੋੜ ਭਾਰੂ ਨਾ ਹੋ ਜਾਵੇ, ਭਾਜਪਾ ਵੀ ਆਪਣੇ ਪੁਰਾਣੇ ਸਹਿਯੋਗੀਆਂ ਨਾਲ ਜੁੜ ਰਹੀ ਹੈ।