ਚੰਡੀਗੜ੍ਹ: ਮੋਹਾਲੀ ਦੇ ਵਿੱਚ ਤਿੰਨ ਰੋਜ਼ਾ ਭਾਰਤੀ ਐਗਰੋ ਪ੍ਰੋਗਰੈੱਸ ਐਕਸਪੋ ਦਾ ਆਗਾਜ਼ 23 ਜਨਵਰੀ ਤੋਂ ਹੋਣ ਜਾ ਰਿਹਾ ਹੈ ਜਿਸ ਦੇ ਵਿੱਚ ਪੰਜਾਬ ਅਤੇ ਹਰਿਆਣਾ ਦੇ ਕੈਬਨਿਟ ਮੰਤਰੀ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਮੋਹਾਲੀ ਦੇ ਸੈਕਟਰ 65 A 'ਚ ਲੱਗਣ ਵਾਲੀ ਇਹ ਐਕਸਪੋ 23 ਜਨਵਰੀ ਤੋਂ ਸ਼ੁਰੂ ਹੋ ਕੇ 25 ਜਨਵਰੀ ਤੱਕ ਚੱਲੇਗੀ।
ਇਸ ਬਾਰੇ ਗੱਲ ਕਰਦੇ ਹੋਏ ਪੰਜਾਬ ਸਟੇਟ ਐਗਰੀਕਲਚਰ ਇੰਪਲੀਮੈਂਟ ਮੈਨੂਫੈਕਚਰਰ ਐਸੋਸੀਏਸ਼ਨ ਦੇ ਪ੍ਰਧਾਨ ਬਲਦੇਵ ਸਿੰਘ ਨੇ ਦੱਸਿਆ ਕਿ ਤਿੰਨ ਰੋਜ਼ਾ ਸੰਮੇਲਨ ਦੇ ਵਿੱਚ 10 ਸੈਸ਼ਨ ਹੋਣਗੇ ਜਿਸਦੇ ਵਿਚ ਉੱਦਮ ਕਿਸਾਨੀ, ਡਿਜ਼ੀਟਲ ਖੇਤੀਬਾੜੀ, ਜਲਵਾਯੂ ਤਬਦੀਲੀ ਅਤੇ ਮਸ਼ੀਨੀਕਰਨ 'ਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ।
ਉਨ੍ਹਾਂ ਨੇ ਦੱਸਿਆ ਕਿ ਇਹ ਐਕਸਪੋ ਦੇ ਪਹਿਲੇ ਲੈਵਲ ਵਿਚ ਖੇਤੀਬਾੜੀ ਡੇਅਰੀ ਅਤੇ ਪੋਲਟਰੀ ਦੀ ਦੁਨੀਆਂ ਨੂੰ ਅਗਲੇ ਪੱਧਰ ਉੱਤੇ ਲੈ ਕੇ ਜਾਣ ਦੀ ਤਿਆਰੀ ਹੈ ਇਸ 'ਤੇ ਚਰਚਾ ਕੀਤੀ ਜਾਵੇਗੀ। ਇਸ ਐਕਸਪੋ ਦੇ ਵਿੱਚ ਚੰਡੀਗੜ੍ਹ ਦੇ ਲਾਗਲੇ ਸੂਬੇ ਜਿਵੇਂ ਹਿਮਾਚਲ ਪ੍ਰਦੇਸ਼ ਤੇ ਹਰਿਆਣਾ ਦੇ ਡੀਲਰ ਅਤੇ ਕਿਸਾਨ ਵੀ ਸ਼ਿਰਕਤ ਕਰਨਗੇ।
ਬਲਦੇਵ ਸਿੰਘ ਨੇ ਅੱਗੇ ਦੱਸਿਆ ਕਿ ਖੇਤੀ ਦੀ ਵਿਕਸਿਤ ਤਕਨੀਕਾਂ ਦੇ ਲਈ ਪ੍ਰਯੋਗ ਹੋਣ ਵਾਲੇ ਔਜ਼ਾਰ ਤੇ ਮਸ਼ੀਨਾਂ ਦੀ ਪ੍ਰਦਰਸ਼ਨੀ ਵੀ ਇਹ ਐਕਸਪੋ ਵਿੱਚ ਲਗਾਈ ਜਾਵੇਗੀ ਅਤੇ ਇਨ੍ਹਾਂ ਉੱਤੇ ਚਰਚਾ ਵੀ ਕੀਤੀ ਜਾਵੇਗੀ। ਇਹ ਐਕਸਪੋ ਸਿਰਫ ਇਨ੍ਹਾਂ ਮਸ਼ੀਨਰੀ ਦੇ ਚਾਹਵਾਨ ਡੀਲਰਾਂ ਵਾਸਤੇ ਹੀ ਨਹੀਂ ਸਗੋਂ ਕਿਸਾਨਾਂ ਦੇ ਲਈ ਵੀ ਹੋਵੇਗੀ ਜੋ ਕਿ ਆਪਣੀ ਖੇਤੀ ਦੇ ਲਈ ਉੱਨਤ ਅੋਜ਼ਾਰ ਪ੍ਰਯੋਗ ਕਰਨਾ ਚਾਹੁੰਦੇ ਹਨ ਤਾਂ ਕਿ ਉਹ ਇਨ੍ਹਾਂ ਬਾਰੇ ਜਾਣ ਸਕਣ ਅਤੇ ਖੇਤੀ ਦੇ ਵਿੱਚ ਇਨ੍ਹਾਂ ਸੰਦਾਂ ਨੂੰ ਵਰਤ ਕੇ ਹੋਰ ਚੰਗਾ ਮੁੱਲ ਪਾ ਸਕਣ। ਇਸ ਐਕਸਪੋ ਦੇ ਵਿੱਚ ਆਧੁਨਿਕ ਖੇਤੀ ਅਤੇ ਖੇਤੀ ਨਾਲ ਜੁੜੇ ਹੋਰ ਕੰਮ ਦੇ ਉੱਤੇ ਸੈਮੀਨਾਰ ਵੀ ਕਰਵਾਇਆ ਜਾਵੇਗਾ ਜਿਸ ਵਿੱਚ ਵੱਖ ਵੱਖ ਫ਼ਸਲਾਂ ਅਤੇ ਧੰਦਿਆਂ ਦੀ ਜਾਣਕਾਰੀ ਮਾਹਿਰਾਂ ਵੱਲੋਂ ਦਿੱਤੀ ਜਾਵੇਗੀ।