ਚੰਡੀਗੜ੍ਹ: ਮਾਰਚ ਮਹੀਨਾ ਭਾਵੇਂ ਇਸ ਵਾਰ ਬੇਮੌਸਮੀ ਬਰਸਾਤ ਕਰਕੇ ਠੰਢਾ ਗੁਜਰਿਆ ਹੋਵੇ ਪਰ ਹੁਣ ਅਪ੍ਰੈਲ ਦੇ ਮੱਧ ਵਿੱਚ ਆਉਂਦੇ-ਆਉਂਦੇ ਗਰਮੀ ਨੇ ਜੋਬਨ ਵਿੱਚ ਪੈਰ ਧਰਨਾ ਸ਼ੁਰੂ ਕਰ ਦਿੱਤਾ ਹੈ। ਦੱਸ ਦਈਏ ਪੰਜਾਬ ਅਤੇ ਗੁਆਂਢੀ ਸੂਬੇ ਹਰਿਆਣਾ ਵਿੱਚ ਪਾਰਾ 41 ਡਿਗਰੀ ਤੋਂ ਪਾਰ ਪਹੁੰਚ ਚੁੱਕਿਆ ਹੈ। ਇੱਕ ਪਾਸੇ ਜਿੱਥੇ ਸੂਬੇ ਵਿੱਚ ਗਰਮੀ ਦਾ ਕਹਿਰ ਸ਼ੁਰੂ ਹੋ ਗਿਆ ਹੈ ਅਤੇ ਸੂਬੇ ਅੰਦਰ ਅੱਜ ਪਾਰਾ 40 ਡਿਗਰੀ ਨੂੰ ਪਾਰ ਕਰ ਗਿਆ ਹੈ, ਉੱਥੇ ਹੀ ਦੂਜੇ ਪਾਸੇ ਮੀਂਹ ਪੈਣ ਦੇ ਆਸਾਰ ਹਨ। ਚੰਡੀਗੜ੍ਹ ਮੌਸਮ ਵਿਭਾਗ ਮੁਤਾਬਕ 17 ਅਪ੍ਰੈਲ ਤੋਂ ਪੰਜਾਬ-ਹਰਿਆਣਾ ਦੇ ਕਈ ਇਲਾਕਿਆਂ 'ਚ ਮੀਂਹ ਪੈ ਸਕਦਾ ਹੈ। ਮੀਂਹ ਦੇ ਨਾਲ-ਨਾਲ 30 ਤੋਂ 40 ਕਿਲੋਮੀਟਰ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਵੀ ਚੱਲਣਗੀਆਂ।
30 ਤੋਂ 40 ਕਿਲੋਮੀਟਰ ਦੀ ਰਫ਼ਤਾਰ ਨਾਲ ਹਵਾਵਾਂ: 18 ਅਪ੍ਰੈਲ ਨੂੰ ਪੂਰੇ ਸੂਬੇ 'ਚ ਮੌਸਮ ਖਰਾਬ ਰਹੇਗਾ। ਉੱਤਰ ਤੋਂ ਦੱਖਣ ਵਿੱਚ 30 ਤੋਂ 40 ਕਿਲੋਮੀਟਰ ਦੀ ਰਫ਼ਤਾਰ ਨਾਲ ਹਵਾਵਾਂ ਚੱਲਣਗੀਆਂ ਅਤੇ ਗਰਜ ਵੀ ਦਿਖਾਈ ਦੇਵੇਗੀ। ਖ਼ਰਾਬ ਮੌਸਮ ਦੇ ਮੱਦੇਨਜ਼ਰ ਮੌਸਮ ਵਿਭਾਗ ਨੇ 18 ਅਪ੍ਰੈਲ ਨੂੰ ਕਈ ਸੂਬਿਆਂ ਵਿੱਚ ਯੈਲੋ ਅਲਰਟ ਜਾਰੀ ਕੀਤਾ ਹੈ। ਲੋਕਾਂ ਨੂੰ ਸੁਚੇਤ ਰਹਿਣ ਦੀ ਅਪੀਲ ਕੀਤੀ ਗਈ ਹੈ। ਖਾਸ ਕਰਕੇ ਇਹ ਮੌਸਮ ਕਿਸਾਨਾਂ ਲਈ ਸਭ ਤੋਂ ਵੱਧ ਨੁਕਸਾਨਦਾਇਕ ਹੈ। ਕਿਸਾਨਾਂ ਦੀਆਂ ਫ਼ਸਲਾਂ ਜਾਂ ਤਾਂ ਖੇਤਾਂ ਵਿੱਚ ਜਾਂ ਮੰਡੀ ਵਿੱਚ ਪਈਆਂ ਹਨ। ਕਿਸਾਨਾਂ ਨੂੰ ਵੀ ਮੌਸਮ ਵਿਭਾਗ ਨੇ ਫਸਲ ਦੀ ਸੰਭਾਲ ਲਈ ਤਿਆਰ ਰਹਿਣ ਨੂੰ ਕਿਹਾ ਹੈ।
ਪੰਜਾਬ ਵਿੱਚ ਸਭ ਤੋਂ ਗਰਮ ਜ਼ਿਲ੍ਹਾ ਫਰੀਦਕੋਟ ਰਿਹਾ: ਸੂਬੇ ਅੰਦਰ ਇਸ ਸਮੇਂ ਸੂਰਜ ਪੂਰੀ ਤਰ੍ਹਾਂ ਕਹਿਰਵਾਨ ਚੱਲ ਰਿਹਾ ਹੈ। ਦੁਪਹਿਰ ਤੋਂ ਬਾਅਦ ਤੇਜ਼ ਗਰਮੀ ਸ਼ੁਰੂ ਹੋ ਗਈ ਹੈ। ਵੀਰਵਾਰ ਨੂੰ ਜਿੱਥੇ ਪੰਜਾਬ-ਹਰਿਆਣਾ ਦਾ ਵੱਧ ਤੋਂ ਵੱਧ ਤਾਪਮਾਨ 40 ਡਿਗਰੀ ਸੀ, ਉੱਥੇ ਹੀ ਸ਼ੁੱਕਰਵਾਰ ਨੂੰ ਪਾਰਾ 42 ਡਿਗਰੀ ਤੱਕ ਪਹੁੰਚ ਗਿਆ। ਪੰਜਾਬ ਵਿੱਚ ਸਭ ਤੋਂ ਗਰਮ ਜ਼ਿਲ੍ਹਾ ਫਰੀਦਕੋਟ ਰਿਹਾ ਜਿੱਥੇ ਦਿਨ ਦਾ ਵੱਧ ਤੋਂ ਵੱਧ ਤਾਪਮਾਨ 41 ਡਿਗਰੀ ਤੱਕ ਰਿਕਾਰਡ ਕੀਤਾ ਗਿਆ ਹੈ। ਦੂਜੇ ਪਾਸੇ ਹਰਿਆਣਾ ਦੇ ਮੇਵਾਤ ਜ਼ਿਲ੍ਹੇ ਵਿੱਚ ਸਭ ਤੋਂ ਵੱਧ ਤਾਪਮਾਨ ਦਰਜ ਕੀਤਾ ਗਿਆ। ਮੇਵਾਤ ਦਾ ਵੱਧ ਤੋਂ ਵੱਧ ਤਾਪਮਾਨ 41.6 ਡਿਗਰੀ ਦਰਜ ਕੀਤਾ ਗਿਆ। ਮੇਵਾਤ ਤੋਂ ਇਲਾਵਾ ਹਿਸਾਰ ਵਿੱਚ 40 ਡਿਗਰੀ, ਫਰੀਦਾਬਾਦ ਵਿੱਚ 41.3, ਜੀਂਦ ਵਿੱਚ 41 ਅਤੇ ਰਾਜਧਾਨੀ ਚੰਡੀਗੜ੍ਹ ਵਿੱਚ 38 ਡਿਗਰੀ ਦੇ ਕਰੀਬ ਤਾਪਮਾਨ ਦਰਜ ਕੀਤਾ ਗਿਆ। ਹਰਿਆਣਾ ਦੇ ਜ਼ਿਆਦਾਤਰ ਜ਼ਿਲ੍ਹਿਆਂ 'ਚ ਤਾਪਮਾਨ 40 ਡਿਗਰੀ ਦੇ ਕਰੀਬ ਪਹੁੰਚ ਗਿਆ ਹੈ।