Operation Amritpal: ਖਾਲਿਸਤਾਨ ਦੀ ਤਿਆਰੀ 'ਚ ਸੀ ਅੰਮ੍ਰਿਤਪਾਲ, ਪੁਲਿਸ ਹੱਥ ਲੱਗੇ ਖੌਫਨਾਕ ਇਰਾਦਿਆਂ ਦੇ ਸਬੂਤ - Etv Bharat
ਖਾਲਿਸਤਾਨ ਸਮਰਥਕ ਅੰਮ੍ਰਿਤਪਾਲ ਦੇ ਖਤਰਨਾਕ ਇਰਾਦਿਆਂ ਨੂੰ ਦਰਸ਼ਾਉਂਦੇ ਸਬੂਤ ਪੁਲਿਸ ਦੇ ਹੱਥ ਲੱਗੇ ਨੇ। ਪੁਲਿਸ ਦਾ ਕਹਿਣਾ ਹੈ ਕਿ ਅੰਮ੍ਰਿਤਪਾਲ ਨੇ ਖਾਲਿਸਤਾਨ ਦੀ ਕਰੰਸੀ, ਝੰਡਾ ਅਤੇ ਪਾਸਪੋਰਟ ਤੱਕ ਦੀ ਤਿਆਰੀ ਕਰ ਲਈ ਸੀ। ਅੰਮ੍ਰਿਤਪਾਲ ਨੌਜਵਾਨਾਂ ਨੂੰ ਟ੍ਰੇਨਿੰਗ ਦੇਕੇ AKF ਦੇ ਨਾਂਅ ਦੀ ਆਪਣੀ ਫੌਜ ਵੀ ਖੜ੍ਹੀ ਕਰ ਰਿਹਾ ਸੀ।
ਅੰਮ੍ਰਿਤਸਰ : ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਪਿਛਲੇ 7 ਦਿਨਾਂ ਤੋਂ ਪੁਲਿਸ ਦੀ ਕਾਰਵਾਈ ਜਾਰੀ ਹੈ। ਇਸ ਦਰਮਿਆਨ ਹੁਣ ਪੁਲਿਸ ਨੂੰ ਚੈਕਿੰਗ ਦੌਰਾਨ ਅੰਮ੍ਰਿਤਪਾਲ ਦੇ ਸਾਥੀਆਂ ਅਤੇ ਹੋਰ ਥਾਵਾਂ ਤੋਂ ਅਜਿਹੀਆਂ ਚੀਜ਼ਾਂ ਬਰਾਮਦ ਹੋਈਆਂ ਨੇ ਜਿਨ੍ਹਾਂ ਨੇ ਪੁਲਿਸ ਨੂੰ ਹੈਰਾਨ ਕਰ ਦਿੱਤਾ ਹੈ। ਦੱਸ ਦਈਏ ਪੁਲਿਸ ਬੀਤੇ ਦਿਨੀਂ ਅੰਮ੍ਰਿਤਪਾਲ ਦੇ ਪਿੰਡ ਜੱਲੂਪੁਰ ਖੇੜਾ ਵਿਖੇ ਵੀ ਗਈ, ਜਿਥੇ ਉਸ ਦੇ ਘਰ ਦੀ ਤਲਾਸ਼ੀ ਲਈ ਗਈ ਸੀ। ਘਰ ਵਿੱਚੋਂ ਪੁਲਿਸ ਨੂੰ ਏਕੇਐੱਫ ਦੀ ਛਪਾਈ ਵਾਲੀਆਂ ਜੈਕਟਾਂ ਬਰਾਮਦ ਹੋਈਆਂ ਸਨ। ਹਾਲਾਂਕਿ ਮੀਡੀਆ ਅਦਾਰਿਆਂ ਵੱਲੋਂ ਏਕੇਐੱਫ ਨੂੰ ਅਨੰਦਪੁਰ ਖਾਲਸਾ ਫੋਰਸ, ਅਕਾਲੀ ਖਾਲਸਾ ਫੋਰਸ ਜਾਂ ਅਨੰਦਪੁਰ ਖਾਲਸਾ ਫੌਜ ਦਾ ਨਾਂ ਦੇ ਕੇ ਨਸ਼ਰ ਕੀਤਾ ਜਾ ਰਿਹਾ ਹੈ।
ਖਾਲਿਸਤਾਨ ਸਬੰਧੀ ਸਮੱਗਰੀ ਬਰਾਮਦ: ਪੁਲਿਸ ਦਾ ਕਹਿਣਾ ਹੈ ਕਿ ਅੰਮ੍ਰਿਤਪਾਲ ਨੇ ਵੱਖ ਦੇਸ਼ ਖਾਲਿਸਤਾਨ ਬਣਾਉਣ ਦੀ ਪੂਰੀ ਤਿਆਰੀ ਕਰ ਲਈ ਸੀ। ਉਸ ਕੋਲੋਂ ਕਰੰਸੀ, ਝੰਡਾ ਅਤੇ ਖਾਲਿਸਤਾਨ ਦਾ ਨਕਸ਼ਾ ਮਿਲਿਆ ਹੈ। ਖੰਨਾ ਪੁਲਿਸ ਐੱਸਐੱਸਪੀ ਅਮਨੀਤ ਕੌਂਡਲ ਨੇ ਦੱਸਿਆ ਕਿ ਬੀਤੇ ਦਿਨ ਗ੍ਰਿਫ਼ਤਾਰ ਕੀਤੇ ਗਏ ਅੰਮ੍ਰਿਤਪਾਲ ਸਿੰਘ ਦੇ ਗੰਨਮੈਨ ਤਜਿੰਦਰ ਸਿੰਘ ਉਰਫ਼ ਗੋਰਖਾ ਬਾਬਾ ਨੇ ਇਹ ਸਾਰੇ ਖੁਲਾਸੇ ਕੀਤੇ ਹਨ ਜਿਸ ਤੋਂ ਬਾਅਦ ਇਸ ਸਬੰਧੀ ਸਾਮਾਨ ਵੀ ਬਰਾਮਦ ਕੀਤਾ ਗਿਆ ਹੈ। ਕੌਂਡਲ ਦਾ ਕਹਿਣਾ ਹੈ ਕਿ ਇਨ੍ਹਾਂ ਲੋਕਾਂ ਨੇ ਖਾਲਿਸਤਾਨ ਦਾ ਨਵਾਂ ਝੰਡਾ ਅਤੇ ਵੱਖਰੀ ਕਰੰਸੀ ਬਣਾਈ ਸੀ। ਉਨ੍ਹਾਂ ਦੱਸਿਆ ਕਿ ਅੰਮ੍ਰਿਤਪਾਲ ਨੇ ਆਪਣੀ ਨਿਜੀ ਫੌਜ ਅਨੰਦਪੁਰ ਖਾਲਸਾ ਫੌਜ ਅਤੇ ਇੱਕ ਕਲੋਜ਼ ਪ੍ਰੋਟੈਕਸ਼ਨ ਟੀਮ ਵੀ ਬਣਾਈ ਸੀ। ਇਸ ਤੋਂ ਇਲਾਵਾ ਅਨੰਦਪੁਰ ਖਾਲਸਾ ਫੌਜ ਦੇ ਹਰ ਵਿਅਕਤੀ ਨੂੰ ਵਿਸ਼ੇਸ਼ ਨੰਬਰ ਅਲਾਟ ਕੀਤਾ ਗਿਆ ਸੀ।
ਸ਼ੂਟਿੰਗ ਰੇਂਜ: ਦੱਸ ਦਈਏ ਇਸੇ ਕੜੀ ਤਹਿਤ ਪੁਲਿਸ ਨੂੰ ਕੁਝ ਵੀਡੀਓਜ਼ ਮਿਲੀਆਂ ਹਨ, ਜਿਸ ਵਿੱਚੋਂ ਇਕ ਸ਼ੂਟਿੰਗ ਰੇਂਜ ਦੀ ਵੀਡੀਓ ਸਾਹਮਣੇ ਆਈ ਹੈ। ਮੀਡੀਆ ਰਿਪੋਰਟਾਂ ਅਨੁਸਾਰ ਇਸ ਸ਼ੂਟਿੰਗ ਰੇਂਜ ਵਿਚ ਨੌਜਵਾਨਾਂ ਨੂੰ ਸਿਖਲਾਈ ਦਿੱਤੀ ਜਾਂਦੀ ਸੀ ਅਤੇ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਸ਼ਾਇਦ ਅੰਮ੍ਰਿਤਪਾਲ ਸਿੰਘ ਵੱਲੋਂ ਫੌਜ ਤਿਆਰ ਕੀਤੀ ਜੀ ਰਹੀ ਸੀ। ਹਾਲਾਂਕਿ ਗਨ ਕਲਚਰ ਵਿਰੁੱਧ ਚਲਾਈ ਮੁਹਿੰਮ ਦੌਰਾਨ ਹੀ ਪੰਜਾਬ ਸਰਕਾਰ ਵੱਲੋਂ ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ਨੂੰ ਹਥਿਆਰਾਂ ਦੇ ਲਾਇਸੈਂਸ ਵੀ ਮੁਹੱਈਆ ਕਰਵਾਏ ਗਏ ਸਨ। ਦੂਜੇ ਪਾਸੇ ਖਬਰਾਂ ਸਾਹਮਣੇ ਆ ਰਹੀਆਂ ਹਨ ਕਿ ਅੰਮ੍ਰਿਤਪਾਲ ਸਿੰਘ ਦੇ ਕੁਝ ਸਾਥੀਆਂ ਕੋਲ ਨਾਜਾਇਜ਼ ਹਥਿਆਰ ਸਨ। ਹੁਣ ਇਹ ਹਥਿਆਰ ਨਾਜਾਇਜ਼ ਸਨ ਜਾਂ ਲਾਇਸੈਂਸੀ ਇਹ ਪੁਲਿਸ ਜਾਂਚ ਦਾ ਵਿਸ਼ਾ ਹੈ।
ਅੰਮ੍ਰਿਤਪਾਲ ਦੇ ਗੰਨਮੈਨ ਨੇ ਕੀਤੇ ਖੁਲਾਸੇ : ਦੱਸ ਦਈਏ ਬੀਤੇ ਦਿਨ ਅੰਮ੍ਰਿਤਪਾਲ ਦੇ ਇੱਕ ਸਾਥੀ ਤੇਜਿੰਦਰ ਸਿੰਘ ਗਿੱਲ ਉਰਫ਼ ਗੋਰਖਾ ਬਾਬਾ ਨੂੰ ਖੰਨਾ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਸੀ। ਉਹ ਅੰਮ੍ਰਿਤਪਾਲ ਦੇ ਗੰਨਮੈਨ ਵਜੋਂ ਕੰਮ ਕਰਦਾ ਸੀ। ਪੁਲਿਸ ਨੇ ਉਸ ਖ਼ਿਲਾਫ਼ ਅਸਲਾ ਐਕਟ ਤਹਿਤ ਕੇਸ ਦਰਜ ਕਰ ਲਿਆ ਸੀ ਅਤੇ ਉਸ ਤੋਂ ਪੁੱਛਗਿੱਛ ਅਤੇ ਫੋਨ ਦੀ ਜਾਂਚ 'ਚ ਇਹ ਹੈਰਾਨ ਕਰਨ ਵਾਲੇ ਤੱਥ ਸਾਹਮਣੇ ਆਏ ਹਨ। ਅਧਿਕਾਰੀਆਂ ਮੁਤਾਬਕ ਵੀਡੀਓਜ਼ 'ਚ ਕਈ ਅਜਿਹੇ ਤੱਥ ਸਾਹਮਣੇ ਆਏ ਹਨ ਜਿਨ੍ਹਾਂ ਰਾਹੀਂ ਅੰਮ੍ਰਿਤਪਾਲ ਨੌਜਵਾਨਾਂ ਨੂੰ ਹਥਿਆਰਾਂ ਬਾਰੇ ਬਰੀਕੀਆਂ ਸਮਝਾਉਂਦਾ ਸੀ। ਉਹ ਨੌਜਵਾਨਾਂ ਨੂੰ ਹਥਿਆਰ ਚਲਾਉਣ, ਖੋਲ੍ਹਣ ਅਤੇ ਹਥਿਆਰ ਨੂੰ ਖੋਲ੍ਹ ਕੇ ਸੈੱਟ ਕਿਵੇਂ ਕਰਨਾ ਹੈ ਇਸ ਸਬੰਧੀ ਟ੍ਰੇਨਿੰਗ ਵੀ ਦਿੰਦਾ ਸੀ। ਪੁਲਿਸ ਮੁਤਾਬਿਕ ਕੁੱਝ ਫੋਟੋਆਂ ਵੀ ਮਿਲੀਆਂ ਹਨ ਜਿਨ੍ਹਾਂ ਵਿੱਚ ਅਨੰਦਪੁਰ ਖਾਲਸਾ ਫੌਜ ਦੇ ਹੋਲੋਗ੍ਰਾਮ ਬਣਾਏ ਗਏ ਹਨ। ਇਸ ਤੋਂ ਇਲਾਵਾ ਉਹ ਨੌਜਵਾਨਾਂ ਨੂੰ ਦੇਸ਼ ਵਿਰੋਧੀ ਗਤੀਵਿਧੀਆਂ ਲਈ ਪ੍ਰੇਰਿਤ ਕਰਦੇ ਸੀ।
ਇਹ ਵੀ ਪੜ੍ਹੋ : Gym Trainer Jitinder Singh: ਨੌਜਵਾਨਾਂ ਲਈ ਮਿਸਾਲ ਬਣਿਆ ਜਤਿੰਦਰ ਸਿੰਘ, ਅਪਾਹਜ ਹੋਣ ਦੇ ਬਾਵਜੂਦ ਦੇ ਰਿਹਾ ਜਿੰਮ ਦੀ ਟ੍ਰੇਨਿੰਗ