ਚੰਡੀਗੜ੍ਹ: ਪੰਜਾਬ ਸਰਕਾਰ ਦੇ ਵੱਲੋਂ 550ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਬੈਠਕਾਂ ਦਾ ਦੌਰ ਜਾਰੀ ਹੈ ਉੱਥੇ ਨੇਪਾਲ ਦੇ ਵਿੱਚ ਪ੍ਰਕਾਸ਼ ਪੁਰਬ ਨੂੰ ਧੂਮਧਾਮ ਨਾਲ ਮਨਾਉਣ ਦੇ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨੇਪਾਲ ਅਤੇ ਭਾਰਤ ਦੇ ਰਾਜਦੂਤਾਂ ਦੇ ਨਾਲ ਇੱਕ ਮੀਟਿੰਗ ਕੀਤੀ ਹੈ। ਜਿਸ ਵਿੱਚ ਪ੍ਰਕਾਸ ਪੁਰਬ ਦੇ ਸਮਾਗਮ ਸੰਬੰਧੀ ਚਰਚਾ ਹੋਈ।
ਇਸ ਮੌਕੇ ਪਹੁੰਚੇ ਨੇਪਾਲ ਦੇ ਰਾਜਦੂਤ ਨਿਲੰਬਰ ਆਚਾਰਿਆ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ 'ਤੇ ਤਿੰਨ ਸਿੱਕੇ ਜਾਰੀ ਕੀਤੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਨੇਪਾਲ ਨਾਲ ਗੁਰੂ ਨਾਨਕ ਦੇਵ ਜੀ ਦਾ ਰਿਸ਼ਤਾ ਹੋਣ ਕਰਕੇ ਨੇਪਾਲ ਵਿੱਚ ਵੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਬੜੀ ਧੂਮਧਾਮ ਨਾਲ ਮਨਾਇਆ ਜਾਵੇਗਾ।
ਉੱਥੇ ਹੀ ਨੇਪਾਲ ਦੇ ਵਿੱਚ ਭਾਰਤ ਦੇ ਰਾਜਦੂਤ ਮਨਜੀਵ ਸਿੰਘ ਪੁਰੀ ਨੇ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਤੀਜੀ ਉਦਾਸੀ ਵੇਲੇ ਨੇਪਾਲ ਗਏ ਸੀ ਅਤੇ ਨੇਪਾਲ ਦੇ ਲੋਕ ਵੀ ਗੁਰੂ ਨਾਨਕ ਦੇਵ ਜੀ ਦਾ ਉਨਾ ਹੀ ਸਨਮਾਨ ਅਤੇ ਸਤਿਕਾਰ ਕਰਦੇ ਹਨ ਜਿੰਨਾ ਕਿ ਬਾਕੀ ਸਿੱਖ ਜਗਤ ਕਰਦਾ ਹੈ। ਉਨ੍ਹਾਂ ਕਿਹਾ ਕਿ ਜੋ ਸਮਾਗਮ ਨੇਪਾਲ ਦੇ ਵਿੱਚ ਕੀਤੇ ਜਾਣਗੇ ਉਹ ਨੇਪਾਲ ਸਰਕਾਰ ਵੱਲੋਂ ਆਪਣੇ ਹੀ ਖਰਚੇ 'ਤੇ ਕੀਤੇ ਜਾ ਰਹੇ ਹਨ ਅਤੇ ਇਸ ਦੇ ਵੱਡੇ ਇੰਤਜ਼ਾਮ ਕੀਤੇ ਹਨ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਭਾਰਤ ਤੇ ਨੇਪਾਲ ਦਾ ਸਦੀਆਂ ਪੁਰਾਣਾ ਰਿਸ਼ਤਾ ਤੇ ਸਾਂਝੀ ਸੱਭਿਆਚਾਰਕ ਵਿਰਾਸਤ ਹੈ ਅਤੇ ਉਨ੍ਹਾਂ ਦੇ ਆਪਣੇ ਪਰਿਵਾਰ ਦੇ ਵੀ ਨੇਪਾਲ ਦੇ ਰਾਜ਼ਿਆਂ ਨਾਲ ਵੀ ਨਿੱਘੇ ਪਰਿਵਾਰਕ ਰਿਸ਼ਤੇ ਰਹੇ ਹਨ।
ਇਸ ਮੌਕੇ ਮੁੱਖ ਮੰਤਰੀ ਨੇ ਨੇਪਾਲ ਵਿੱਚ ਵਸਦੇ ਪੰਜਾਬੀ ਭਾਈਚਾਰੇ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸੁਲਤਾਨਪੁਰ ਲੋਧੀ ਵਿਖੇ ਨਵੰਬਰ ਮਹੀਨੇ ਵਿੱਚ ਕਰਵਾਏ ਜਾ ਰਹੇ ਸਮਾਗਮਾਂ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਜਿੱਥੇ ਸਿੱਖ ਧਰਮ ਦੇ ਬਾਨੀ ਨੇ ਆਪਣੇ ਜੀਵਨ ਦੇ 18 ਵਰ੍ਹੇ ਗੁਜ਼ਾਰੇ।
ਇਹ ਵੀ ਪੜੋ: ਬਹਿਬਲ ਕਲਾਂ ਤੇ ਕੋਟਕਪੂਰਾ ਗੋਲੀਕਾਂਡ ਦੇ 4 ਸਾਲ ਪੂਰੇ, ਪੀੜਤਾਂ ਦੇ ਜ਼ਖਮ ਅਜੇ ਵੀ ਅੱਲ੍ਹੇ
ਇਸ ਮੌਕੇ ਦੋਵੇਂ ਸਫ਼ੀਰਾਂ ਨੇ ਪਿਆਰ ਤੇ ਸਨੇਹ ਵਜੋਂ ਨੇਪਾਲ ਦੀ ਸਿੱਖ ਵਿਰਾਸਤ ਦੀ ਪ੍ਰਕਾਸ਼ਨਾ ਦਾ ਸੈੱਟ ਅਤੇ ਯਾਦਗਾਰੀ ਸਿੱਕੇ ਭੇਟ ਕੀਤੇ।