ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦੀਆਂ ਚਾਰ ਸੀਟਾਂ- ਦਾਖਾ, ਮੁਕੇਰੀਆਂ, ਜਲਾਲਾਬਾਦ ਅਤੇ ਫਗਵਾੜਾ 'ਤੇ ਹੋ ਰਹੀਆਂ ਜ਼ਿਮਨੀ ਚੋਣਾਂ ਲਈ ਸਾਰੇ ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖ਼ਲ ਕਰ ਦਿੱਤੇ ਹਨ। ਇਨ੍ਹਾਂ ਚੋਣਾਂ ਲਈ ਨਾਮਜ਼ਦਗੀ ਦਾਖ਼ਲ ਕਰਨ ਦੇ ਆਖਰੀ ਦਿਨ 49 ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਗਏ।
ਵਿਧਾਨ ਸਭਾ ਹਲਕਾ ਨੰਬਰ 68 ਦਾਖਾ ਲਈ ਸੋਮਵਾਰ ਨੂੰ 11 ਉਮੀਦਵਾਰਾਂ ਵਲੋਂ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਗਏ ਜਦਕਿ ਇਸ ਵਿਧਾਨ ਸਭਾ ਹਲਕੇ ਲਈ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੇ ਪਹਿਲੇ ਦਿਨਾਂ ਦੌਰਾਨ 5 ਨਾਮਜ਼ਦਗੀ ਪੱਤਰ ਦਾਖ਼ਲ ਹੋਏ ਸਨ, ਇਸ ਤਰ੍ਹਾਂ ਦਾਖਾ ਹਲਕੇ ਲਈ ਕੁੱਲ 16 ਨਾਮਜ਼ਦਗੀ ਪੱਤਰ ਦਾਖ਼ਲ ਹੋਏ ਹਨ।
ਵਿਧਾਨ ਸਭਾ ਹਲਕਾ ਨੰਬਰ 79 ਜਲਾਲਾਬਾਦ ਲਈ ਬੀਤੇ ਦਿਨੀ 10 ਨਾਮਜ਼ਦਗੀ ਪੱਤਰ ਦਾਖ਼ਲ ਹੋਏ ਜਦਕਿ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੇ ਪਹਿਲੇ ਦਿਨਾਂ ਦੌਰਾਨ 1 ਨਾਮਜ਼ਦਗੀ ਪੱਤਰ ਪਹਿਲਾਂ ਦਾਖ਼ਲ ਹੋਇਆ ਸੀ।
ਵਿਧਾਨ ਸਭਾ ਹਲਕਾ ਨੰਬਰ 29 ਫਗਵਾੜਾ (ਐਸਸੀ) ਲਈ 16 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਜਦਕਿ ਵਿਧਾਨ ਸਭਾ ਹਲਕਾ ਨੰਬਰ 39 ਮੁਕੇਰੀਆਂ ਲਈ 11 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ।
ਇਸ ਤਰ੍ਹਾਂ ਚਾਰ ਵਿਧਾਨ ਸਭਾ ਹਲਕਿਆਂ ਲਈ ਕੁੱਲ 54 ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਗਏ ਹਨ। ਨਾਮਜ਼ਦਗੀ ਪੱਤਰਾਂ ਦੀ 1 ਅਕਤੂਬਰ 2019 ਨੂੰ ਪੜਤਾਲ ਕੀਤੀ ਜਾਵੇਗੀ ਜਦਕਿ ਨਾਮਜ਼ਦਗੀ ਪੱਤਰ ਵਾਪਸ ਲੈਣ ਦੀ ਅੰਤਿਮ ਮਿਤੀ 3 ਅਕਤੂਬਰ 2019 ਹੈ। 21 ਅਕਤੂਬਰ ਨੂੰ ਹੋਣ ਵਾਲੀਆਂ ਇਨ੍ਹਾਂ ਚੋਣਾਂ ਦੇ ਨਤੀਜੇ 24 ਅਕਤੂਬਰ ਨੂੰ ਐਲਾਨੇ ਜਾਣਗੇ।