ਚੰਡੀਗੜ੍ਹ: ਕਿਸੇ ਸਮੇਂ ਪੰਜਾਬ ਦੇ ਹਰ ਲੋਕ ਗੀਤ ,ਲੇਖ,ਕਿਤਾਬ ਅਤੇ ਕਵਿਤਾ ਵਿੱਚ ਮਾਂ ਬੋਲੀ ਪੰਜਾਬੀ ਦਾ ਜ਼ਿਕਰ ਬੜੇ ਮਾਣ ਨਾਲ ਕੀਤਾ ਜਾਂਦਾ ਸੀ ਅਤੇ ਸਾਰੇ ਪੰਜਾਬੀ ਆਪਣੀ ਮਾਂ ਬੋਲੀ ਨੂੰ ਸਿੱਖਣ ਅਤੇ ਬੋਲਣ ਵਿੱਚ ਮਾਣ ਮਹਿਸੂਸ ਕਰਦੇ ਸਨ। ਅੱਜ ਦੇ ਹਾਲਾਤ ਇਸ ਸਚਾਈ ਦੇ ਬਿਲਕੁਲ ਉਲਟ ਨੇ ਅਤੇ ਹੁਣ ਪੰਜਾਬ ਸਰਕਾਰ ਦੀ ਇੱਕ ਪ੍ਰੀਖਿਆ ਨੇ ਹੀ ਇਹ ਖੁਲਾਸਾ ਕੀਤਾ ਹੈ। ਦਰਅਸਲ ਆਬਕਾਰੀ ਅਤੇ ਕਰ ਇੰਸਪੈਕਟਰਾਂ ਦੀ ਭਰਤੀ ਲਈ ਹੋਈ ਲਿਖਤੀ ਪ੍ਰੀਖਿਆ ’ਚੋਂ ਕਰੀਬ 38 ਫ਼ੀਸਦੀ ਉਮੀਦਵਾਰ ਪੰਜਾਬੀ ’ਚੋਂ ਹੀ ਫ਼ੇਲ੍ਹ ਹੋ ਗਏ। ਇਨ੍ਹਾਂ ਅੰਕੜਿਆਂ ਨੇ ਸਿੱਖਿਆ ਮਾਹਿਰਾਂ ਦੇ ਹੋਸ਼ ਉਡਾ ਦਿੱਤੇ ਹਨ। ਇਸ ਤੋਂ ਸਪੱਸ਼ਟ ਹੈ ਕਿ ਸਕੂਲਾਂ ਵਿੱਚ ਖਾਨਾਪੂਰਤੀ ਲਈ ਪੰਜਾਬੀ ਭਾਸ਼ਾ ਪੜ੍ਹਾਈ ਤਾਂ ਜਾ ਰਹੀ ਹੈ ਪਰ ਉਸ ਵੱਲ ਕੋਈ ਖ਼ਾਸ ਮਹੱਤਤਾ ਨਹੀਂ ਦਿੱਤੀ ਜਾ ਰਹੀ।
ਭਰਤੀ ਲਈ ਹੋਈ ਸੀ ਪ੍ਰੀਖਿਆ: ਜਾਣਕਾਰੀ ਅਨੁਸਾਰ ਸੁਬਾਰਡੀਨੇਟ ਸਰਵਿਸਿਜ਼ ਸਿਲੈਕਸ਼ਨ ਬੋਰਡ ਨੇ ਆਬਕਾਰੀ ਅਤੇ ਕਰ ਇੰਸਪੈਕਟਰਾਂ ਦੀ ਭਰਤੀ ਲਈ ਲਿਖਤੀ ਪ੍ਰੀਖਿਆ ਲਈ ਸੀ, ਜਿਸ ਵਿੱਚ ਪੰਜਾਬੀ ਵਿਸ਼ੇ ਦੀ ਪ੍ਰੀਖਿਆ ਸ਼ਾਮਲ ਸੀ ਅਤੇ ਪੰਜਾਬੀ ਵਿੱਚ ਘੱਟੋ-ਘੱਟ ਪੰਜਾਹ ਫੀਸਦੀ ਅੰਕ ਪ੍ਰਾਪਤ ਕਰਨਾ ਲਾਜ਼ਮੀ ਸੀ। ਲਿਖਤੀ ਪ੍ਰੀਖਿਆ ਵਿੱਚ ਕੁੱਲ 36,836 ਉਮੀਦਵਾਰਾਂ ਨੇ ਭਾਗ ਲਿਆ, ਜਿਨ੍ਹਾਂ ਵਿੱਚੋਂ 22,957 ਉਮੀਦਵਾਰਾਂ ਨੇ ਪ੍ਰੀਖਿਆ ਪਾਸ ਕੀਤੀ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਪ੍ਰੀਖਿਆ ਵਿੱਚ 13,879 ਪੰਜਾਬੀ ਉਮੀਦਵਾਰ ਫੇਲ੍ਹ ਹੋਏ ਹਨ, ਜਿਨ੍ਹਾਂ ਦੀ ਦਰ 37.67 ਫੀਸਦੀ ਹੈ। ਪੰਜਾਬੀ ਵਿੱਚ ਫੇਲ੍ਹ ਹੋਣ ਕਾਰਨ ਇਹ ਉਮੀਦਵਾਰ ਆਬਕਾਰੀ ਤੇ ਕਰ ਇੰਸਪੈਕਟਰ ਦੀ ਸੂਚੀ ਵਿੱਚ ਸ਼ਾਮਲ ਨਹੀਂ ਹੋ ਸਕੇ। ਜਿਨ੍ਹਾਂ ਨੂੰ ਆਪਣੀ ਮਾਂ ਬੋਲੀ ਵਿੱਚ 50 ਫੀਸਦੀ ਅੰਕ ਵੀ ਨਾ ਮਿਲਣਾ ਸਿੱਖਿਆ ਪ੍ਰਣਾਲੀ ’ਤੇ ਸਵਾਲੀਆ ਨਿਸ਼ਾਨ ਲਗਾ ਰਿਹਾ ਹੈ।
10 ਅੰਕ ਪ੍ਰਾਪਤ ਕਰ ਸਕੇ: ਦੱਸ ਦਈਏ 46 ਅਜਿਹੇ ਉਮੀਦਵਾਰ ਹਨ ਜੋ 25 ਅੰਕਾਂ ਦੀ ਬਜਾਏ ਸਿਰਫ਼ ਇੱਕ ਤੋਂ 10 ਅੰਕ ਪ੍ਰਾਪਤ ਕਰ ਸਕੇ ਹਨ। ਇਸੇ ਤਰ੍ਹਾਂ 3678 ਉਮੀਦਵਾਰ ਸਿਰਫ਼ 11 ਤੋਂ 20 ਅੰਕ ਹੀ ਪ੍ਰਾਪਤ ਕਰ ਸਕੇ। ਲਗਭਗ 10,152 ਉਮੀਦਵਾਰਾਂ ਨੇ 20 ਤੋਂ 25 ਅੰਕ ਪ੍ਰਾਪਤ ਕੀਤੇ। ਆਬਕਾਰੀ ਅਤੇ ਕਰ ਇੰਸਪੈਕਟਰ ਦੀ ਪ੍ਰੀਖਿਆ ਦੇਣ ਵਾਲਿਆਂ ਵਿੱਚ 19,457 ਲੜਕੀਆਂ ਹਨ। ਦੱਸ ਦਈਏ ਪੰਜਾਬ ਭਾਸ਼ਾ ਵਿੱਚ ਫੇਲ੍ਹ ਹੋਣ ਵਾਲੇ ਪੰਜਾਬੀਆਂ ਨੇ ਪੂਰੇ ਸਿੱਖਿਆ ਢਾਂਚੇ ਉੱਤੇ ਸਵਾਲ ਖੜ੍ਹੇ ਕਰ ਦਿੱਤੇ ਨੇ।