ਚੰਡੀਗੜ੍ਹ: 1984 ਸਿੱਖ ਕਤਲੇਆਮ ਦੇ ਪੀੜਤਾਂ ਨੂੰ ਪੰਜਾਬ ਸਰਕਾਰ ਵੱਲੋਂ ਰੇਡ ਕਾਰਡ ਜਾਰੀ ਕੀਤੇ ਗਏ ਸਨ। ਰੇਡ ਕਾਰਡ 'ਤੇ 1984 ਦੇ ਪੀੜਤਾਂ ਨੂੰ ਜੋ ਸਹੂਲਤਾਂ ਮਿਲਦੀਆਂ ਸਨ, ਉਨ੍ਹਾਂ ਸਹੂਲਤਾਂ ਨੂੰ ਹੁਣ ਕੈਪਟਨ ਸਰਕਾਰ ਵੱਲੋਂ ਵਾਪਸ ਲੈਣ ਦੀ ਗੱਲ ਕਹੀ ਜਾ ਰਹੀ ਹੈ। ਜਿਸ ਦੇ ਚਲਦਿਆਂ 160 ਪਰਿਵਾਰਾਂ ਦੇ ਕਾਰਡ ਰੱਦ ਕੀਤੇ ਜਾ ਰਹੇ ਹਨ। ਇਸ ਬਾਬਤ ਈਟੀਵੀ ਭਾਰਤ ਨਾਲ 1984 ਸਿੱਖ ਕਤਲੇਆਮ ਦੇ ਪੀੜਤਾਂ ਨੇ ਗੱਲਬਾਤ ਕੀਤੀ। ਪੀੜਤਾਂ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਤੇ ਕਿਹਾ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੇ ਕਾਰਡ ਰੱਦ ਕੀਤੇ ਤਾਂ ਉਹ ਕੈਪਟਨ ਦੀ ਰਿਹਾਇਸ਼ ਦੇ ਬਾਹਰ ਆਤਮਦਾਹ ਕਰ ਲੈਣਗੇ।
1984 ਸਿੱਖ ਕਤਲੇਆਮ ਪੀੜਤ ਕਮੇਟੀ ਦੀ ਮੁਖੀ ਗੁਰਦੀਪ ਕੌਰ ਨੇ ਕਿਹਾ ਕਿ ਇਨ੍ਹਾਂ ਪਰਿਵਾਰਾਂ ਦਾ ਹੋਰ ਕੋਈ ਸਹਾਰਾ ਨਹੀਂ ਹੈ ਸਰਕਾਰ ਜੇਕਰ ਇਸ ਤਰ੍ਹਾਂ ਧੱਕਾ ਕਰੇਗੀ ਤਾਂ ਮਜ਼ਬੂਰਨ ਪੀੜਤਾਂ ਨੂੰ ਕੈਪਟਨ ਅਮਰਿੰਦਰ ਸਿੰਘ ਦੇ ਘਰ ਦੇ ਮੁਹਿਰੇ ਜ਼ਹਿਰ ਖਾ ਕੇ ਮੌਤ ਨੂੰ ਗਲੇ ਲਾਉਣਾ ਪਵੇਗਾ। .
ਪੀੜਤ ਪਰਿਵਾਰਾਂ ਨੇ ਕਾਰਡ ਕੱਟੇ ਜਾਣ 'ਤੇ ਆਪਣਾ ਦਰਦ ਬਿਆਨ ਕੀਤਾ ਤੇ ਕਿਹਾ ਕਿ ਕਾਰਡ ਰੱਦ ਕਰਨ ਦਾ ਜੋ ਕਦਮ ਚੁੱਕਿਆ ਗਿਆ ਹੈ ਇਹ ਉਨ੍ਹਾਂ ਨਾਲ ਵੱਡਾ ਧੱਕਾ ਹੈ। ਇਸ ਮੌਕੇ ਪੀੜਤਾਂ ਦੇ ਹੰਜੂ ਰੁਕਣ ਦਾ ਨਾਂਅ ਨਹੀਂ ਲੈ ਰਹੇ ਸਨ। ਪੀੜਤਾਂ ਨੇ ਕਿਹਾ ਕਿ ਉਨ੍ਹਾਂ ਦਾ ਇਲਾਜ਼ ਹੁਣ ਤੱਕ ਚੱਲ ਰਿਹਾ ਹੈ ਅਤੇ ਉਨ੍ਹਾਂ ਕੋਲ ਕੋਈ ਵੀ ਉਨ੍ਹਾਂ ਦੀ ਦੇਖਭਾਲ ਕਰਨ ਵਾਲਾ ਨਹੀਂ ਹੈ। ਪੀੜਤਾਂ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਤੇ ਕਿਹਾ ਕਿ ਜੇਕਰ ਸਰਕਾਰ ਉਨ੍ਹਾਂ ਦੇ ਕਾਰਡ ਰੱਦ ਕਰਦੀ ਹੈ ਤਾਂ ਉਹ ਮਰਨ ਲਈ ਮਜ਼ਬੂਰ ਹੋਣਗੇ।
1984 ਦੇ ਪੀੜਤਾਂ ਨੂੰ ਰੇਡ ਕਾਰਡ ਦੇਣ ਪਿੱਛੇ ਸਰਕਾਰ ਦਾ ਮਕਸਦ ਉਨ੍ਹਾਂ ਨੂੰ ਮੁੜ ਵਸਾਉਣਾ ਸੀ ਪਰ ਜੇ ਅੱਜ ਸਰਕਾਰ ਦੋਬਾਰਾ ਉਨ੍ਹਾਂ ਦੀਆਂ ਸਹੁਲਤਾਂ ਖੋਹ ਲੈਂਦੀ ਹੈ ਤਾਂ ਉਨ੍ਹਾਂ ਪੀੜਤ ਪਰਿਵਾਰਾਂ ਲਈ ਵੱਡੀ ਸੁਸ਼ਕਲ ਹੋ ਜਾਵੇਗੀ। ਦੇਖਣਾਂ ਹੋਵੇਗਾ, ਪੀੜਤਾਂ ਦੀ ਚੇਤਾਵਨੀ ਤੋਂ ਬਾਅਦ ਹੁਣ ਸਰਕਾਰ ਕੀ ਕਦਮ ਚੁੱਕਦੀ ਹੈ।