ਚੰਡੀਗੜ੍ਹ: ਸ੍ਰੀ ਗੁਰੂ ਗੰਥ ਸਾਹਿਬ ਜੀ ਦੀ ਬੇਅਦਬੀ ਅਤੇ ਕੋਟਕਪੁਰਾ ਗੋਲੀਕਾਂਡ ਦੀ ਜਾਂਚ ਕਰ ਰਹੀ ਐੱਸਆਈਟੀ ਨੇ ਮੰਗਲਵਾਰ ਨੂੰ ਪੰਜਾਬ ਸੱਕਤਰੇਤ ਸਥਿਤ ਵੱਖ-ਵੱਖ ਸਰਕਾਰੀ ਵਿਭਾਗਾਂ 'ਚ ਸੁਖਬੀਰ ਬਾਦਲ ਨਾਲ ਸਬੰਧਤ ਰਿਕਾਰਡਾਂ ਦੀ ਜਾਂਚ ਕੀਤੀ।
ਜਾਣਕਾਰੀ ਮੁਤਾਬਕ ਦੋਹਾਂ ਅਧਿਕਾਰੀਆਂ ਨੇ ਵਿੱਤ ਵਿਭਾਗ 'ਚ ਅਕਾਊਂਟਿੰਗ ਬ੍ਰਾਂਚ ਤੋਂ ਇਲਾਵਾ ਨਿੱਜੀ, ਟ੍ਰਾਂਸਪੋਰਟ ਵਿਭਾਗ 'ਚ ਅਕਤੂਬਰ 2015 ਦੇ ਰਿਕਾਰਡ ਦੀ ਜਾਂਚ ਕੀਤੀ। ਇਸ ਵਿੱਚ ਇਹ ਪਤਾ ਲਗਾਇਆ ਜਾ ਰਿਹਾ ਸੀ ਕਿ 14 ਅਕਤੂਬਰ, 2015 ਨੂੰ ਸੁਖਬੀਰ ਸਿੰਘ ਬਾਦਲ ਨਾਲ ਸਬੰਧਤ ਸਰਕਾਰੀ ਗੱਡੀਆਂ ਦੀ ਵਰਤੋਂ ਕੋਟਕਪੂਰਾ 'ਚ ਪੁਲਿਸ ਫਾਇਰਿੰਗ ਦੌਰਾਨ ਕਿੱਥੇ ਕਿੱਥੇ ਕੀਤੀ ਗਈ।
ਇਹ ਹੈ ਮਾਮਲਾ
12 ਅਕਤੂਬਰ 2015 ਨੂੰ ਪਿੰਡ ਬਰਗਾੜੀ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ। ਇਸ ਸਬੰਧੀ ਇਨਸਾਫ ਦੀ ਮੰਗ ਕਰ ਰਹੀਆਂ ਸਿੱਖ ਜਥੇਬੰਦੀਆਂ ਨੇ ਕੋਟਕਪੁਰਾ ਅਤੇ ਬਰਗਾੜੀ ਨੇੜੇ ਲੱਗਦੇ ਪਿੰਡ ਬਹਿਬਲ ਕਲਾਂ 'ਚ ਧਰਨਾ ਲਾਇਆ। ਇਸ ਧਰਨੇ ਦੌਰਾਨ 14 ਅਕਤੂਬਰ 2015 ਨੂੰ ਪੁਲਿਸ ਨੇ ਸ਼ਾਂਤੀਪੂਰਣ ਤਰੀਕੇ ਨਾਲ ਧਰਨਾ ਦੇ ਰਹੀ ਸਿੱਖ ਸੰਗਤ 'ਤੇ ਗੋਲੀਆਂ ਚਲਾ ਦਿੱਤੀਆਂ ਸਨ।
ਇਸ ਗੋਲੀਕਾਂਡ 'ਚ ਪਿੰਡ ਨਿਆਮੀਵਾਲਾ ਕਲਾਂ ਦੇ ਕਿਸ਼ਨ ਭਗਵਾਨ ਸਿੰਘ ਅਤੇ ਪਿੰਡ ਸਰਾਂਵਾ ਦੇ ਗੁਰਜੀਤ ਸਿੰਘ ਦੀ ਮੌਤ ਹੋ ਗਈ ਸੀ। ਗਵਾਹਾਂ ਦਾ ਦੋਸ਼ ਸੀ ਕਿ ਪੁਲਿਸ ਨੇ ਬੇਕਸੂਰ ਸੰਗਤ 'ਤੇ ਗੋਲੀ ਚਲਾਈ।
ਬਾਦਲ ਸਰਕਾਰ ਨੇ ਇਸ ਮਾਮਲੇ ਦੀ ਜਾਂਚ ਲਈ ਜਸਟਿਸ ਜੋਰਾ ਸਿੰਘ ਕਮਿਸ਼ਨ ਦਾ ਗਠਨ ਕੀਤਾ ਪਰ ਉਸ ਦੀ ਰਿਪੋਰਟ ਨੂੰ ਖ਼ਾਰਜ ਕਰ ਦਿੱਤਾ ਗਿਆ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਨਣ ਤੋਂ ਬਾਅਦ ਜਸਟਿਸ ਰਣਜੀਤ ਸਿੰਘ ਕਮਿਸ਼ਨ ਦਾ ਗਠਨ ਕਰਕੇ ਇਸ ਮਾਮਲੇ ਦੀ ਜਾਂਚ ਕਰਵਾਈ ਗਈ। ਕਮਿਸ਼ਨ ਦੇ ਕਹਿਣ 'ਤੇ ਹੀ ਇਸ ਮਾਮਲੇ ਦੀ ਜਾਂਚ ਲਈ ਐੱਸਆਈਟੀ ਦਾ ਗਠਨ ਕੀਤਾ ਗਿਆ।