ਚੰਡੀਗੜ੍ਹ : ਪੰਜਾਬ ਦੇ ਕੈਬਿਨੇਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਮੰਤਰੀ ਪਦ ਤੋਂ ਅਸਤੀਫ਼ਾ ਦੇ ਦਿੱਤਾ ਹੈ ਹਾਲਾਂਕਿ ਨਵਜੋਤ ਸਿੰਘ ਸਿੱਧੂ ਨੇ ਅਹੁਦਾ ਨਹੀਂ ਸੰਭਾਲਿਆ ਸੀ ਅਤੇ ਉਹ ਉਦੋਂ ਤੋਂ ਹੀ ਗ਼ੈਰ-ਹਾਜ਼ਰ ਚੱਲ ਰਹੇ ਸਨ। ਇਸ ਬਾਰੇ ਹੁਣ ਸਿਆਸੀ ਬਿਆਨਬਾਜ਼ੀ ਵੀ ਸ਼ੁਰੂ ਹੋ ਗਈ ਹੈ ਨਵਜੋਤ ਸਿੰਘ ਸਿੱਧੂ ਦੇ ਅਸਤੀਫ਼ਾ ਦੇਣ 'ਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਵੱਲੋਂ ਇਸ ਨੂੰ ਦੁਖਦਾਈ ਕਰਾਰ ਦਿੱਤਾ ਗਿਆ।
ਅਸਤੀਫ਼ੇ 'ਤੇ ਬੋਲਦਿਆਂ ਹਰਪਾਲ ਚੀਮਾ ਨੇ ਕਿਹਾ ਕਿ ਸਿੱਧੂ ਪੰਜਾਬ ਨੂੰ ਇੱਕ ਚੰਗਾ ਬਦਲ ਦੇ ਸਕਦੇ ਸਨ ਅਤੇ ਬਿਜਲੀ ਦੀਆਂ ਦਰਾਂ ਵਿੱਚ ਰਿਆਇਤ ਦੇ ਕੇ ਪੰਜਾਬ ਦੇ ਲੋਕਾਂ ਨੂੰ ਖੁਸ਼ਹਾਲ ਕਰ ਸਕਦੇ ਸਨ ਪਰ ਉਹ ਆਪਣੀ ਜ਼ਿੰਮੇਵਾਰੀ ਤੋਂ ਭੱਜ ਗਏ ਹਨ। ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਬੇਅਦਬੀ ਮਾਮਲਿਆਂ 'ਤੇ ਵੀ ਲਗਾਤਾਰ ਬੋਲਦੇ ਸੀ ਤੇ ਸੁਖਬੀਰ ਬਾਦਲ ਨੂੰ ਆੜੇ ਹੱਥੀਂ ਲੈਂਦੇ ਸੀ ਇਸ ਕਰਕੇ ਵੀ ਉਹ ਹਮੇਸ਼ਾ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਨਿਸ਼ਾਨੇ 'ਤੇ ਰਹੇ ਹਨ।
ਇਹ ਵੀ ਪੜ੍ਹੋ : ਮਿਸ਼ਨ ਚੰਦਰਯਾਨ-2: ਚੰਨ 'ਤੇ ਇਤਿਹਾਸ ਰਚਣ ਲਈ ਤਿਆਰ ਭਾਰਤ
ਦੱਸਣਯੋਗ ਹੈ ਕਿ 9 ਜੂਨ ਨੂੰ ਦਿੱਲੀ ਵਿੱਚ ਨਵਜੋਤ ਸਿੰਘ ਸਿੱਧੂ ਰਾਹੁਲ ਗਾਂਧੀ ਨੂੰ ਮਿਲੇ ਸਨ ਅਤੇ ਉਨ੍ਹਾਂ ਨੇ ਆਪਣਾ ਅਸਤੀਫ਼ਾ 10 ਜੂਨ ਨੂੰ ਰਾਹੁਲ ਗਾਂਧੀ ਨੂੰ ਦਿੱਤਾ ਸੀ ਜਿਸ ਦੀ ਸਿੱਧੂ ਨੇ ਅੱਜ ਆਪਣੇ ਟਵੀਟਰ ਖ਼ਾਤੇ ਉੱਤੇ ਸਾਂਝਾ ਕੀਤਾ ਹੈ।