ਚੰਡੀਗੜ੍ਹ: ਕਾਂਗਰਸ ਦੇ ਸਟਾਰ ਪ੍ਰਚਾਰਕ ਬਣਾਏ ਜਾਣ ਤੋਂ ਬਾਅਦ ਸ਼ਮਸ਼ੇਰ ਸਿੰਘ ਦੂੱਲੋਂ ਨੇ ਚੰਡੀਗੜ੍ਹ 'ਚ ਪ੍ਰੈੱਸ ਕਾਨਫ਼ਰੰਸ ਕੀਤੀ। ਇਸ ਦੌਰਾਨ ਉਨ੍ਹਾਂ ਲਾਲ ਸਿੰਘ 'ਤੇ ਪਲਟਵਾਰ ਕੀਤਾ। ਬੀਤੀ ਸ਼ਾਮ ਉਨ੍ਹਾਂ ਨੂੰ ਸਟਾਰ ਪ੍ਰਚਾਰਕਾਂ ਦੀ ਲਿਸਟ 'ਚ ਸ਼ਾਮਲ ਕੀਤਾ ਗਿਆ ਸੀ।
ਸ਼ਮਸ਼ੇਰ ਸਿੰਘ ਦੂੱਲੋਂ ਨੇ ਲਾਲ ਸਿੰਘ ਦੇ ਅਸਤੀਫਾ ਮੰਗਣ ਨੂੰ ਲੈ ਕੇ ਕਿਹਾ ਕਿ ਉਹ ਪਹਿਲਾਂ ਆਪਣੀ ਪੀੜ੍ਹੀ ਥੱਲੇ ਸੋਟਾ ਫੇਰੇ ਤੇ ਫੇਰ ਮੇਰਾ ਅਸਤੀਫਾ ਮੰਗੇ। ਉਹ ਮੇਰੇ ਤੋਂ ਜੂਨੀਅਰ ਹਨ ਉਨ੍ਹਾਂ ਨੂੰ ਅਸਤੀਫ਼ਾ ਮੰਗਣ ਦਾ ਕੋਈ ਹੱਕ ਨਹੀਂ ਹੈ।
ਉਨ੍ਹਾਂ ਕਿਹਾ ਕਿ ਲਾਲ ਸਿੰਘ ਸ਼੍ਰੋਮਣੀ ਅਕਾਲੀ ਦਲ ਨਾਲ ਮਿਲਿਆ ਹੋਇਆ ਹੈ। ਉਹ ਪਹਿਲਾਂ ਆਪਣੇ ਪਰਿਵਾਰ ਦੀ ਬਗਾਵਤ ਨੂੰ ਸੰਭਾਲੇ ਫਿਰ ਮੇਰੀ ਗੱਲ ਕਰੇ। ਉਨ੍ਹਾਂ ਕਿਹਾ ਕਿ ਹਾਈ ਕਮਾਨ ਰਾਹੁਲ ਗਾਂਧੀ ਉਨ੍ਹਾਂ ਦਾ ਅਤੇ ਲਾਲ ਸਿੰਘ ਦਾ ਲਾਈ ਡਿਟੈਕਟਰ ਟੈਸਟ ਕਰਵਾ ਲੈਣ ਸਭ ਕੁੱਝ ਸਾਹਮਣੇ ਆ ਜਾਵੇਗਾ।
ਆਪਣੇ ਪਰਿਵਾਰ ਦੇ ਆਮ ਆਦਮੀ ਪਾਰਟੀ 'ਚ ਜਾਣ 'ਤੇ ਦੂੱਲੋਂ ਨੇ ਕਿਹਾ ਕਿ ਇਹ ਡੈਮੋਕਰੇਸੀ ਹੈ। ਇੱਕ ਪਰਿਵਾਰ ਦੇ ਚਾਰ ਮੈਂਬਰ ਵੀ ਅਲੱਗ-ਅਲੱਗ ਥਾਵਾਂ 'ਤੇ ਵੋਟ ਪਾਉਂਦੇ ਹਨ ਅਤੇ ਸਾਰਿਆਂ ਦੀ ਆਪਣੀ ਸੋਚ ਤੇ ਸਮਝ ਹੈ। ਉਨ੍ਹਾਂ ਕਿਹਾ ਕਿ ਅਸੀਂ ਕਾਂਗਰਸ ਨੂੰ ਖੜ੍ਹਾ ਕਰਨ ਅਤੇ ਬਣਾਉਣ ਵਾਲੇ ਹਾਂ, ਕੈਪਟਨ ਅਤੇ ਭੱਠਲ ਵੀ ਮੇਰੇ ਤੋਂ ਜੂਨੀਅਰ ਹਨ। 1 ਜਨਵਰੀ 1970 ਵਿੱਚ ਮੈਂ ਕਾਂਗਰਸ ਦਾ ਫਾਊਂਡਰ ਮੈਂਬਰ ਰਿਹਾ ਅਤੇ ਇੰਦਰਾ ਗਾਂਧੀ ਨਾਲ ਵੀ ਖੜ੍ਹਿਆ।