ਚੰਡੀਗੜ੍ਹ: ਨਗਰ ਨਿਗਮ ਦੀ ਸ਼ੁੱਕਰਵਾਰ ਨੂੰ ਹੋਈ ਬੈਠਕ 'ਚ ਕਾਫ਼ੀ ਹੰਗਾਮਾ ਹੋਇਆ। ਕਾਂਗਰਸੀ ਆਗੂ ਦਵਿੰਦਰ ਸਿੰਘ ਬਬਲਾ ਸਦਨ ਦੀ ਬੈਠਕ ਵਿੱਚ ਤਾਲਾ ਲੈ ਕੇ ਪਹੁੰਚ ਗਏ। ਉਨ੍ਹਾਂ ਮੇਅਰ ਨੂੰ ਤਾਲਾ ਦਿਖਾ ਕੇ ਕਿਹਾ ਕਿ ਜੇ ਨਿਗਮ ਇਸੇ ਤਰ੍ਹਾਂ ਚੱਲੇਗਾ ਤਾਂ ਇਸ ਤੋਂ ਬਿਹਤਰ ਹੈ ਕਿ ਨਿਗਮ ਨੂੰ ਤਾਲਾ ਲਗਾ ਦਿੱਤਾ ਜਾਵੇ।
ਉਨ੍ਹਾਂ ਕਿਹਾ ਕਿ ਇਸ ਸਮੇਂ ਪਾਣੀ ਨੂੰ ਲੈ ਕੇ ਤ੍ਰਾਹੀ ਤ੍ਰਾਹੀ ਮਚੀ ਹੋਈ ਹੈ। ਠੇਕੇਦਾਰਾਂ ਨੂੰ ਬਜਟ ਨਾ ਹੋਣ ਕਾਰਨ ਪੈਸੇ ਨਹੀਂ ਦਿੱਤੇ ਜਾ ਰਹੇ ਜਿਸ ਕਾਰਨ ਕੰਮ ਲਟਕਿਆ ਹੋਇਆ ਹੈ। ਉਨ੍ਹਾਂ ਦੋਸ਼ ਲਗਾਉਂਦਿਆਂ ਕਿਹਾ ਕਿ ਕੰਮ ਅੱਧ-ਵਿਚਕਾਰ ਛੱਡ ਠੇਕੇਦਾਰ ਭੱਜ ਰਹੇ ਹਨ ਜਿਸਦਾ ਜਵਾਬ ਕਿਸੇ ਵੀ ਅਧਿਕਾਰੀ ਕੋਲ ਨਹੀਂ ਹੈ।
ਉੱਥੇ ਹੀ ਇਸ ਹੰਗਾਮੇ ਤੋਂ ਪਹਿਲਾਂ ਸਾਬਕਾ ਮੇਅਰ ਆਸ਼ਾ ਜਸਵਾਲ ਅਤੇ ਰਾਜਬਾਲਾ ਮਲਿਕ ਆਪਸ ਵਿੱਚ ਉਲਝ ਗਏ। ਵਿੱਤ ਸੰਕਟ ਨੂੰ ਲੈ ਕੇ ਕਾਂਗਰਸ ਅਤੇ ਬੀਜੇਪੀ ਦੇ ਪਾਰਸ਼ਦ ਇੱਕ ਦੂਜੇ ਨੂੰ ਘੇਰਦੇ ਨਜ਼ਰ ਆਏ। ਬੀਜੇਪੀ ਆਗੂ ਭਰਤ ਕੁਮਾਰ ਨੇ ਕਿਹਾ ਕਿ ਠੇਕੇ ਤੇ ਕੰਮ ਕਰ ਰਹੇ ਕਰਮਚਾਰੀਆਂ ਨੂੰ ਤਿੰਨ ਤਿੰਨ ਮਹੀਨੇ ਤੋਂ ਭੱਤਾ ਨਹੀਂ ਮਿਲਿਆ। ਭਰਤ ਕੁਮਾਰ ਤੈਸ਼ ਵਿੱਚ ਆ ਕੇ ਆਪਣਾ ਆਪਾ ਖੋਹ ਬੈਠੇ ਜਿਸ ਤੇ ਮੇਅਰ ਰਾਜੇਸ਼ ਕਾਲੀਆ ਨੇ ਉਨ੍ਹਾਂ ਨੂੰ ਹਾਊਸ ਮੀਟਿੰਗ ਦੀ ਮਰਿਆਦਾ ਭੰਗ ਨਾ ਕਰਨ ਦੀ ਨਸੀਹਤ ਦਿੱਤੀ।
ਬੈਠਕ ਵਿੱਚ ਪਾਰਕਿੰਗ ਦਾ ਮਸਲਾ ਵੀ ਉੱਠਿਆ ਜਿਸ ਨੂੰ ਲੈ ਕੇ ਨਿਗਮ ਵੱਲੋਂ ਇੱਕ ਕਮੇਟੀ ਬਣਾਈ ਗਈ ਜਿਸ ਦੇ ਚੇਅਰਮੈਨ ਅਰੁਣ ਸੂਦ ਨੂੰ ਨਿਯੁਕਤ ਕੀਤਾ ਗਿਆ। ਸਾਬਕਾ ਮੇਅਰ ਅਰੁਣ ਸੂਦ ਦਾ ਕਹਿਣਾ ਸੀ ਕਿ ਕਮੇਟੀ ਦੋ ਦਿਨ ਪਹਿਲਾਂ ਨੋਟੀਫਾਈ ਕੀਤੀ ਗਈ ਹੈ ਅਤੇ ਕਮੇਟੀ ਹੀ ਪਾਰਕਿੰਗ ਦੇ ਰੇਟ ਤੈਅ ਕਰੇਗੀ।