ਅੰਮ੍ਰਿਤਸਰ: ਪੰਜਾਬ ਵਿੱਚ ਕਾਂਗਰਸ ਦੀ ਕਾਰਗੁਜ਼ਾਰੀ ਤੋਂ ਨਾਖੁਸ਼ ਨੇਤਾ ਇਸ ਲਈ ਨਵਜੋਤ ਸਿੰਘ ਸਿੱਧੂ ਨੂੰ ਜ਼ਿੰਮੇਵਾਰ ਦੱਸ ਰਹੇ ਹਨ। ਪਾਰਟੀ 'ਚ ਸਿੱਧੂ ਦੇ ਵਿਰੁੱਧ ਉੱਠੀਆਂ ਇਨ੍ਹਾਂ ਅਵਾਜ਼ਾ ਖਿਲਾਫ਼ ਉਨ੍ਹਾਂ ਦੀ ਪਤਨੀ ਨਵਜੋਤ ਕੌਰ ਸਿੱਧੂ ਨੇ ਕਰਾਰਾ ਜਵਾਬ ਦਿੱਤਾ ਹੈ। ਮੈਡਮ ਸਿੱਧੂ ਨੇ ਕਿਹਾ ਹੈ ਕਿ ਨਵਜੋਤ ਸਿੰਘ ਸਿੱਧੂ ਨੇ ਅਜਿਹਾ ਕੋਈ ਬਿਆਨ ਨਹੀਂ ਦਿੱਤਾ ਜਿਸ ਨਾਲ ਪਾਰਟੀ ਨੂੰ ਨੁਕਸਾਨ ਹੋਵੇ।
ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਨੇ ਕਿਸੇ ਨੂੰ ਮਾੜਾ ਨਹੀਂ ਕਿਹਾ, ਸਿਰਫ਼ ਇਨ੍ਹਾਂ ਕਿਹਾ ਸੀ ਕਿ ਜਿਹੜੇ ਲੋਕ ਇੱਕ ਪਾਰਟੀ ਵਿੱਚ ਰਹਿ ਕੇ ਦੂਜੀ ਪਾਰਟੀ ਨੂੰ ਸਹਿਯੋਗ ਦਿੰਦੇ ਹਨ ਉਹ ਸੰਭਲ ਜਾਣ ਅਤੇ ਇੱਕ ਤਰਫ਼ਾ ਹੋ ਕੇ ਚੱਲਣ।
ਇਸ ਦੇ ਨਾਲ ਹੀ ਉਨ੍ਹਾਂ ਇਸ ਗੱਲ ਤੋਂ ਸਾਫ਼ ਕਿਨਾਰਾ ਕਰ ਲਿਆ ਕਿ ਨਵਜੋਤ ਸਿੰਘ ਸਿੱਧੂ ਨੇ ਅਜਿਹਾ ਕੋਈ ਬਿਆਨ ਦਿੱਤਾ ਸੀ ਕਿ ਜੇ ਕਾਂਗਰਸ ਦੇ ਨਤੀਜੇ ਵਧੀਆ ਨਾ ਆਏ ਤਾਂ ਉਹ ਅਹੁਦੇ ਤੋਂ ਅਸਤੀਫ਼ਾ ਦੇ ਦੇਣਗੇ। ਉਨ੍ਹਾਂ ਕਿਹਾ ਕਿ ਇਸ ਗੱਲ ਦਾ ਜਵਾਬ ਭਲੀ-ਭਾਂਤੀ ਨਵਜੋਤ ਸਿੰਘ ਸਿੱਧੂ ਹੀ ਦੇ ਸਕਦੇ ਹਨ।
ਇਸ ਦੇ ਨਾਲ ਹੀ ਸਿੱਧੂ ਨੇ ਪੰਜਾਬ ਵਜ਼ਾਰਤ ਦੇ ਜੰਗਲਾਤ ਵਿਭਾਗ ਦੇ ਵਜ਼ੀਰ ਸਾਧੂ ਸਿੰਘ ਧਰਮਸੋਤ ਬਾਰੇ ਤਿੱਖਾ ਰੁਖ਼ ਅਪਣਾਉਂਦਿਆਂ ਕਿਹਾ ਕਿ ਨਾਭਾ ਨਗਰ ਨਿਗਮ ਵਿੱਚ ਕੋਈ ਵੀ ਅਧਿਕਾਰੀ ਜਾ ਕੇ ਕੰਮ ਨਹੀਂ ਕਰਨਾ ਚਾਹੁੰਦਾ। ਅਧਿਕਾਰੀ ਕਹਿੰਦੇ ਹਨ ਕਿ ਉੱਥੇ ਮੰਤਰੀ ਨਿਗਮ ਦੇ ਕੰਮਾਂ ਵਿੱਚ ਜ਼ਿਆਦਾ ਦਖ਼ਲ ਅੰਦਾਜ਼ੀ ਕਰਦੇ ਹਨ।