ਚੰਡੀਗੜ੍ਹ: ਪੀਜੀਆਈ ਦੇ ਡਾਕਟਰਾਂ ਨੇ ਭਗਵਾਨਪਪੁਰ ਪਿੰਡ ਦੇ ਬੋਰਵੈਲ ਵਿੱਚ ਡਿੱਗ ਕੇ ਹੋਈ ਫ਼ਤਿਹਵੀਰ ਦੀ ਮੌਤ ਬਾਰੇ ਖ਼ੁਲਾਸਾ ਕੀਤਾ ਕਿ ਉਸ ਦੀ ਮੌਤ ਕੁਝ ਹੀ ਦਿਨ ਪਹਿਲਾਂ ਹੋ ਚੁੱਕੀ ਸੀ। ਬੋਰਵੈਲ ਵਿੱਚੋਂ ਕੱਢਣ ਤੋਂ ਬਾਅਦ ਫ਼ਤਿਹਵੀਰ ਨੂੰ ਪੀਜੀਆਈ ਵਿੱਚ ਲਿਆਂਦਾ ਗਿਆ ਸੀ।
ਪੋਸਟਮਾਰਟਮ ਦੀ ਰਿਪੋਰਟ ਮੁਤਾਬਕ ਜਦੋਂ ਉਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਤਾਂ ਉਸ ਦੇ ਸਾਹ ਰੁਕੇ ਹੋਏ ਸਨ। ਦਿਲ ਵੀ ਨਹੀਂ ਧੜਕ ਰਿਹਾ ਸੀ ਜਿਸ ਮਗਰੋਂ ਡਾਕਟਰਾਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਦੌਰਾਨ ਪੁਲਿਸ ਨੇ ਉਸ ਦਾ ਪੋਸਟ ਮਾਰਟਮ ਕਰਵਾਉਣ ਲਈ ਕਿਹਾ। ਇਸ ਮਗਰੋਂ ਡਾਕਟਰਾਂ ਦੇ ਪੈਨਲ ਨੇ ਫ਼ਤਹਿਵੀਰ ਦਾ ਪੋਸਟਮਾਰਟਮ ਕੀਤਾ।
ਡਾਕਟਰਾਂ ਦੀ ਰਿਪੋਰਟ ਤੋਂ ਇਹ ਖ਼ੁਲਾਸਾ ਹੋਇਆ ਹੈ ਕਿ ਫ਼ਤਿਹ ਤਾਂ ਕੁਝ ਦਿਨ ਪਹਿਲਾਂ ਹੀ ਸਾਹ ਤਿਆਗ ਚੁੱਕਾ ਸੀ। ਇਸ ਤੋਂ ਬਾਅਦ ਪ੍ਰਸ਼ਾਸਨ ਸੁਆਲਾਂ ਦੇ ਘੇਰੇ ਵਿੱਚ ਆ ਗਿਆ ਹੈ ਕਿ ਜੇ ਆਖ਼ਰ ਫ਼ਤਿਹ ਦੀ ਮੌਤ ਪਹਿਲਾਂ ਹੀ ਹੋ ਚੁੱਕੀ ਸੀ ਤਾਂ ਫਿਰ ਵੀ ਇੰਨੀ ਦੇਰ ਕਿਉਂ ਲੱਗੀ।
ਪੋਸਟਮਾਰਟਮ ਤੋਂ ਬਾਅਦ ਫ਼ਤਿਹਵੀਰ ਦੀ ਲਾਸ਼ ਨੂੰ ਉਸ ਦੇ ਘਰ ਭੇਜ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਉਸ ਦਾ ਨਮ ਅੱਖਾਂ ਉਸ ਦਾ ਸਸਕਾਰ ਕੀਤਾ ਗਿਆ।
ਸੋਸ਼ਲ ਮੀਡੀਆ 'ਤੇ ਲਗਾਤਾਰ ਸਰਕਾਰ ਖ਼ਿਲਾਫ ਰੋਸ ਜ਼ਾਹਰ ਕੀਤਾ ਜਾ ਰਿਹਾ ਹੈ। ਇਸ ਤਹਿਤ ਕੱਲ੍ਹ ਨੂੰ ਵੱਖ-ਵੱਖ ਜਥੇਬੰਥੀਆਂ ਵੱਲੋਂ ਸੰਗਰੂਰ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ।