ਚੰਡੀਗੜ੍ਹ: ਲੋਕ ਸਭਾ ਚੋਣਾਂ 2019 ਦੇ ਨਤੀਜਿਆਂ ਵਿੱਚ ਇਸ ਵਾਰ ਵੀ ਮੋਦੀ ਲਹਿਰ ਦਾ ਅਸਰ ਬਾਖ਼ੁਬੀ ਵੇਖਣ ਨੂੰ ਮਿਲਿਆ। ਕਾਂਗਰਸ ਦਾ ਪ੍ਰਦਰਸ਼ਨ ਭਾਵੇਂ ਦੇਸ਼ ਭਰ 'ਚ ਠੀਕ ਨਹੀਂ ਰਿਹਾ ਪਰ ਪੰਜਾਬ ਦੇ ਨਤੀਜੇ ਕਾਫ਼ੀ ਵਧੀਆ ਰਹੇ ਅਤੇ ਕਾਂਗਰਸ ਨੇ 13 ਵਿੱਚੋਂ 8 ਸੀਟਾਂ ਹਾਸਲ ਕੀਤੀਆਂ। ਇਸ ਤੋਂ ਬਾਅਦ ਹੁਣ ਪੰਜਾਬ 'ਚ ਮੰਤਰੀਆਂ ਅਤੇ ਵਿਧਾਇਕਾਂ 'ਤੇ ਐਕਸ਼ਨ ਲੈਣ ਦੀ ਤਿਆਰੀ ਸ਼ੁਰੂ ਹੋ ਗਈ ਹੈ ਅਤੇ ਕੈਪਟਨ ਅਮਰਿੰਦਰ ਸਿੰਘ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਇਹ ਕੋਈ ਧਮਕੀ ਨਹੀਂ ਹੈ।
ਦਰਅਸਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਲੋਕ ਸਭਾ ਚੋਣਾਂ 'ਚ ਮਿਸ਼ਨ-13 ਲੈ ਕੇ ਚੋਣ ਮੈਦਾਨ 'ਚ ਉੱਤਰੇ ਸਨ ਅਤੇ ਆਪਣੇ ਵਿਧਾਇਕਾਂ ਨੂੰ ਜਿਨ੍ਹਾਂ ਸੰਕੇਤਾਂ ਨਾਲ ਚੋਣ ਮੁਹਿੰਮ 'ਤੇ ਲਗਾਇਆ ਸੀ ਉਨ੍ਹਾਂ 'ਤੇ ਉਹ ਖਰੇ ਨਹੀਂ ਉੱਤਰ ਸਕੇ ਅਤੇ ਸਿਰਫ਼ 8 ਸੀਟਾਂ ਹੀ ਜਿੱਤ ਸਕੇ।
ਕੈਪਟਨ ਨੂੰ ਇਸ ਦਾ ਬਹੁਤ ਮਲਾਲ ਹੈ ਅਤੇ ਉਨ੍ਹਾਂ ਵੀਰਵਾਰ ਨੂੰ ਆਏ ਚੋਣ ਨਤੀਜਿਆਂ ਤੋਂ ਬਾਅਦ ਸਪਸ਼ਟ ਕਰ ਦਿੱਤਾ ਸੀ ਕਿ ਸਹੀ ਢੰਗ ਨਾਲ ਜਿੰਮੇਵਾਰੀ ਨਹੀਂ ਨਿਭਾਉਣ ਵਾਲੇ ਮੰਤਰੀਆਂ ਅਤੇ ਵਿਧਾਇਕਾਂ ਤੇ ਕਾਰਵਾਈ ਹੋਵੇਗੀ।
ਪੰਜਾਬ 'ਚ ਜਿਨ੍ਹਾਂ ਪੰਜ ਸੀਟਾਂ 'ਤੇ ਕਾਂਗਰਸ ਉਮੀਦਵਾਰ ਨਹੀਂ ਜਿੱਤ ਸਕੇ ਉਨ੍ਹਾਂ ਸੀਟਾਂ ਅਧੀਨ ਅੱਧਾ ਦਰਜਨ ਮੰਤਰੀ ਆਉਂਦੇ ਹਨ। ਕੈਪਟਨ ਜੇ ਕੋਈ ਕਾਰਵਾਈ ਕਰਦੇ ਹਨ ਤਾਂ ਉਨ੍ਹਾਂ ਨੂੰ ਆਪਣੀ ਕੈਬਿਨੇਟ 'ਚੋਂ ਕਈ ਮੰਤਰੀਆਂ ਦੀ ਛੁੱਟੀ ਕਰਨੀ ਪਵੇਗੀ।