ਚੰਡੀਗੜ੍ਹ: ਫਰੀਦਕੋਟ ਪੁਲਿਸ ਦੀ ਹਿਰਾਸਤ ‘ਚ 19 ਸਾਲਾ ਨੌਜਵਾਨ ਜਸਪਾਲ ਸਿੰਘ ਦੀ ਮੌਤ ਅਤੇ ਲਾਸ਼ ਖ਼ੁਰਦ-ਬੁਰਦ ਕਰਨ ਦੇ ਪੂਰੇ ਮਾਮਲੇ ਦੀ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆੜੇ ਹੱਥੀ ਲੈਂਦਿਆਂ ਅਸਤੀਫ਼ਾ ਮੰਗਿਆ ਹੈ। ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਸੋਮਵਾਰ ਨੂੰ ਫਰੀਦਕੋਟ ਜਾਣਗੇ।
ਚੀਮਾ ਨੇ ਕਿਹਾ ਕਿ 18 ਮਈ ਨੂੰ ਜਸਪਾਲ ਸਿੰਘ ਨਾਂਅ ਦੇ ਨੌਜਵਾਨ ਦੀ ਪੁਲਿਸ ਹਿਰਾਸਤ 'ਚ ਸ਼ੱਕੀ ਮੌਤ ਤੇ ਲਾਸ਼ ਨੂੰ ਖ਼ੁਰਦ-ਬੁਰਦ ਕੀਤੇ ਜਾਣ ਦੇ ਮਾਮਲੇ ‘ਚ ਮੁੱਖ ਮੰਤਰੀ ਦਾ ਗ਼ੈਰ ਜ਼ਿੰਮੇਵਾਰ ਰਵੱਈਆ ਨਾ ਸਿਰਫ ਨਿੰਦਣਯੋਗ ਹੈ ਸਗੋਂ ਸ਼ਰਮਨਾਕ ਵੀ ਹੈ।
ਹਰਪਾਲ ਸਿੰਘ ਚੀਮਾ ਨੇ ਜਸਪਾਲ ਸਿੰਘ ਦੇ ਪੀੜਤ ਪਰਿਵਾਰ ਦੇ ਯੋਗ ਮੈਂਬਰ ਨੂੰ ਸਰਕਾਰੀ ਨੌਕਰੀ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਫਰੀਦਕੋਟ ਪੁਲਿਸ ਇਸ ਮਾਮਲੇ 'ਚ ਟਾਲ-ਮਟੋਲ ਦੀ ਨੀਤੀ ‘ਤੇ ਚੱਲ ਰਹੀ ਹੈ, ਪਰੰਤੂ ਆਮ ਆਦਮੀ ਪਾਰਟੀ ਇਸ ਘੋਰ ਬੇਇਨਸਾਫ਼ੀ ਨੂੰ ਠੰਢੇ ਬਸਤੇ ‘ਚ ਨਹੀਂ ਪੈਣ ਦੇਵੇਗੀ ਅਤੇ ਇਸ ਨੂੰ ਸੜਕਾਂ ਤੋਂ ਵਿਧਾਨ ਸਭਾ ਅਤੇ ਸੰਸਦ ਤੱਕ ਉਠਾਏਗੀ।