ਬਠਿੰਡਾ: ਬੀਤੀ ਦੇਰ ਰਾਤ ਬਠਿੰਡਾ 'ਚ ਇੱਕ ਤੇਜ਼ ਰਫ਼ਤਾਰ ਹੌਂਡਾ ਸਿਟੀ ਕਾਰ ਡਿਵਾਈਡਰ ਨਾਲ ਟਕਰਾ ਕੇ ਮਾਲ ਰੋਡ ’ਤੇ ਇੱਕ ਯੂਨੀਪੋਲ ਨਾਲ ਟਕਰਾ ਗਈ। ਇਸ ਟੱਕਰ ਵਿੱਚ ਕਾਰ ਸਵਾਰ ਅਮੋਲਵੀਰ ਸਿੰਘ ਅਤੇ ਰਾਜਨ ਜੱਸਲ ਦੀ ਮੌਤ ਹੋ ਗਈ ਜਦਕਿ ਸੰਕੇਤ ਅਤੇ ਰਿਧਮ ਗੰਭੀਰ ਜ਼ਖ਼ਮੀ ਹੋ ਗਏ। ਜਿੰਨ੍ਹਾਂ ਦਾ ਇਲਾਜ ਇੱਕ ਨਿੱਜੀ ਹਸਪਤਾਲ ਵਿੱਚ ਚੱਲ ਰਿਹਾ ਹੈ। ਚਾਰੇ ਨੌਜਵਾਨ ਆਦੇਸ਼ ਯੂਨੀਵਰਸਿਟੀ ਵਿੱਚ ਐਮਬੀਬੀਐਸ ਦੇ ਵਿਦਿਆਰਥੀ ਸਨ।
ਹਾਦਸੇ 'ਚ ਦੋ ਨੌਜਵਾਨਾਂ ਦੀ ਗਈ ਜਾਨ: ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਅਮੋਲਵੀਰ ਸਿੰਘ ਆਪਣੇ ਦੋਸਤਾਂ ਰਾਜਨ ਜੱਸਲ, ਸੰਕੇਤ, ਰਿਧਮ ਨਾਲ ਸ਼ੁੱਕਰਵਾਰ ਦੇਰ ਰਾਤ ਮਾਲ ਰੋਡ 'ਤੇ ਆਪਣੀ ਹਾਂਡਾ ਸਿਟੀ ਕਾਰ 'ਚ ਤੇਜ਼ ਰਫ਼ਤਾਰ ਨਾਲ ਜਾ ਰਿਹਾ ਸੀ। ਇਸ ਦੌਰਾਨ ਗੱਡੀ ਆਪਣਾ ਸੰਤੁਲਨ ਗੁਆ ਬੈਠੀ ਅਤੇ ਪਹਿਲਾਂ ਡਿਵਾਈਡਰ ਨਾਲ ਟਕਰਾ ਗਈ, ਫਿਰ ਜਦੋਂ ਗੱਡੀ ਨਾ ਰੁਕੀ ਤਾਂ ਗੱਡੀ ਸਿੱਧੀ ਯੂਨੀਪੋਲ ਨਾਲ ਜਾ ਟਕਰਾਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਗੱਡੀ ਦੀ ਡਰਾਇਵਰ ਸਾਈਡ ਪੂਰੀ ਤਰ੍ਹਾਂ ਨੁਕਸਾਨੀ ਗਈ ਅਤੇ ਡਰਾਈਵਰ ਸੀਟ ਤੇ ਨਾਲ ਦੀ ਸੀਟ 'ਤੇ ਬੈਠੇ ਅਮੋਲਵੀਰ ਸਿੰਘ ਅਤੇ ਰਾਜਨ ਜੱਸਲ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਦਕਿ ਇਸ ਹਾਦਸੇ 'ਚ ਕਾਰ ਦੀ ਪਿਛਲੀ ਸੀਟ 'ਤੇ ਬੈਠੇ ਸੰਕੇਤ ਅਤੇ ਰਿਧਮ ਗੰਭੀਰ ਰੂਪ 'ਚ ਜ਼ਖਮੀ ਹੋ ਗਏ।
ਤੇਜ਼ ਰਫ਼ਤਾਰ ਨੂੰ ਮੰਨਿਆ ਜਾ ਰਿਹਾ ਹਾਦਸੇ ਦਾ ਕਾਰਨ: ਉਧਰ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ 'ਤੇ ਪਹੁੰਚੀ ਸਮਾਜ ਸੇਵੀ ਸੰਸਥਾ ਅਤੇ ਪੁਲਿਸ ਨੇ ਜ਼ਖਮੀਆਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ, ਜਿੱਥੇ ਜਖਮੀਆਂ ਦਾ ਇਲਾਜ ਚੱਲ ਰਿਹਾ ਹੈ। ਦੋਵੇਂ ਮ੍ਰਿਤਕ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਕਰਕੇ ਪਰਿਵਾਰਿਕ ਮੈਂਬਰਾਂ ਨੂੰ ਸੌਂਪ ਦਿੱਤਾ ਗਿਆ ਹੈ। ਇਸ ਘਟਨਾ ਸਬੰਧੀ ਪ੍ਰਤੱਖਦਰਸ਼ੀਆਂ ਦਾ ਕਹਿਣਾ ਕਿ ਗੱਡੀ ਦੀ ਰਫ਼ਤਾਰ ਤੇਜ਼ ਹੋਣ ਕਾਰਨ ਇਹ ਹਾਦਸਾ ਵਾਪਰਿਆ ਹੈ। ਉਨ੍ਹਾਂ ਦਾ ਕਹਿਣਾ ਕਿ ਚਾਲਕ ਕੋਲੋਂ ਗੱਡੀ ਨਹੀਂ ਸੰਭਾਲੀ ਗਈ, ਜਿਸ ਕਾਰਨ ਇਹ ਹਾਦਸਾ ਵਾਪਰ ਗਿਆ।
ਪੁਲਿਸ ਵਲੋਂ ਜਾਂਚ ਸ਼ੁਰੂ: ਇਸ ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਡੀਐਸਪੀ ਕੁਲਦੀਪ ਸਿੰਘ ਬਰਾੜ ਨੇ ਦੱਸਿਆ ਕਿ ਪੁਲਿਸ ਵੱਲੋਂ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ। ਫਿਲਹਾਲ ਮਾਮਲਾ ਦਰਜ ਕਰਕੇ ਮ੍ਰਿਤਕ ਨੌਜਵਾਨਾਂ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਹਵਾਲੇ ਲਾਸ਼ਾਂ ਕਰ ਦਿੱਤੀਆਂ ਗਈਆਂ ਹਨ।