ਬਠਿੰਡਾ: ਐੱਨਐੱਫ਼ਐੱਲ ਇਲਾਕੇ ਦੇ ਨੇੜੇ ਗੁਜ਼ਰ ਰਹੀ ਨਹਿਰ ਦਾ ਪਾਣੀ ਅਚਾਨਕ ਉੱਪਰੋਂ ਦੀ ਵਗਣ ਕਰ ਕੇ ਟੁੱਟ ਗਈ। ਆਸ-ਪਾਸ ਰਹਿ ਰਹੇ ਲੋਕਾਂ ਨੇ ਇਸ ਦਾ ਕਸੂਰਵਾਰ ਨਹਿਰੀ ਵਿਭਾਗ ਨੂੰ ਠਹਿਰਾਇਆ ਅਤੇ ਕਿਹਾ ਕਿ ਨਹਿਰੀ ਵਿਭਾਗ ਇਸ ਸੂਏ ਨੂੰ ਲੈ ਕੇ ਗੰਭੀਰ ਨਹੀ ਹੈ।
ਆਦਰਸ਼ ਨਗਰ ਵਾਸੀ ਮਨੀਸ਼ ਨੇ ਦੱਸਿਆ ਕਿ ਬੀਤੀ ਰਾਤ ਅਚਾਨਕ ਇਹ ਸੂਆ ਟੁੱਟ ਗਿਆ ਅਤੇ ਪਾਣੀ ਖੇਤਾਂ ਤੋਂ ਇਲਾਵਾ ਲੋਕਾਂ ਦੇ ਘਰ ਦੇ ਨੇੜੇ ਪੁੱਜ ਗਿਆ। ਜਿਸ ਤੋਂ ਬਾਅਦ ਆਸ-ਪਾਸ ਦੇ ਲੋਕਾਂ ਨੇ ਇਸ ਨੂੰ ਭਰਨ ਦੀ ਕੋਸ਼ਿਸ਼ ਕੀਤੀ ਅਤੇ ਇਸ ਦੀ ਜਾਣਕਾਰੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਦਿੱਤੀ ਅਤੇ ਸੂਚਨਾ ਮਿਲਣ ਉੱਤੇ ਪੁਲਿਸ ਦੀ ਟੀਮ ਵੀ ਬਕਾਇਦਾ ਮੌਕੇ ਉੱਤੇ ਪੁੱਜੀ।
ਲੋਕਾਂ ਦਾ ਕਹਿਣਾ ਹੈ ਕਿ ਨਹਿਰ ਦਾ ਕੁੱਝ ਹਿੱਸਾ ਰਾਤ ਹਲਕੀ ਬਾਰਿਸ਼ ਅਤੇ ਤੇਜ਼ ਹਵਾ ਦੇ ਕਾਰਨ ਨਹਿਰ ਦੇ ਨਾਲ ਲੱਗੇ ਹੋਏ ਦਰਖ਼ਤ ਟੁੱਟ ਗਏ ਅਤੇ ਜਿਸ ਤੋਂ ਬਾਅਦ ਸੂਏ ਦੇ ਕਿਨਾਰੇ ਟੁੱਟਣ ਕਾਰਨ ਪਾਣੀ ਬਹਿ ਗਿਆ।
ਮਨੀਸ਼ ਦਾ ਕਹਿਣਾ ਹੈ ਕਿ ਕਾਗਜ਼ਾਂ ਵਿੱਚ ਬੇਸ਼ੱਕ ਇਸ ਸੂਏ ਦੀ ਸਫ਼ਾਈ ਹੋ ਰਹੀ ਹੋਵੇ ਪਰ ਅਸਲ ਵਿੱਚ ਨਹੀਂ ਹੋ ਰਹੀ। ਇਹੀ ਕਾਰਨ ਹੈ ਕਿ ਇਹ ਟੁੱਟ ਗਈ ਅਤੇ ਇਸ ਦਾ ਖਾਮਿਆਜ਼ਾ ਲੋਕਾਂ ਨੂੰ ਭੁਗਤਨਾ ਪਿਆ ਬੇਸ਼ੱਕ ਪਾਣੀ ਨੇ ਜ਼ਿਆਦਾ ਤਬਾਹੀ ਨਹੀਂ ਮਚਾਈ ਪਰ ਲੋਕ ਟੁੱਟੇ ਹੋਏ ਸੂਏ ਨੂੰ ਦੇਖ ਕੇ ਸਹਿਮ ਗਏ।
ਸੂਆ ਟੁੱਟਣ ਨਾਲ ਬਠਿੰਡਾ ਫਿਰੋਜ਼ਪੁਰ ਰੇਲਵੇ ਟਰੈਕ ਤੇ ਵੀ ਪਾਣੀ ਭਰ ਗਿਆ ਅਤੇ ਆਸ ਪਾਸ ਖੇਤਾਂ ਵਿੱਚ ਲੱਗੀ ਫਸਲ ਨੂੰ ਵੀ ਨੁਕਸਾਨ ਪੁਜਾ ਹੈ । ਪਾਣੀ ਜਮ੍ਹਾ ਹੋਣ ਤੋਂ ਬਾਅਦ ਜਵਾਰ ਅਤੇ ਨਰਮੇ ਦੀ ਫਸਲ ਨੂੰ ਇਸ ਦਾ ਨੁਕਸਾਨ ਹੋ ਸਕਦਾ ਹੈ ਇਸ ਗੱਲ ਦੀ ਆਸ਼ੰਕਾ ਜਤਾਈ ਜਾ ਰਹੀ ਹੈ ।