ਬਠਿੰਡਾ : ਬਠਿੰਡਾ ਦੇ ਬਲਾਕ ਨਥਾਣਾ ਨੇੜਲੇ ਪਿੰਡ ਗੰਗਾ ਵਿਖੇ ਅੱਜ ਵੀ ਮਾਤਾ ਗੰਗਾ ਮੌਜੂਦ ਹੈ। ਬਾਬਾ ਕਾਲੂ ਨਾਥ ਵੱਲੋਂ ਵਸਾਏ ਗਏ ਇਸ ਪਿੰਡ ਦੀ ਆਬਾਦੀ ਲਗਪਗ 3000 ਹੈ। ਇਸ ਪਿੰਡ ਵਿੱਚ ਬਾਬਾ ਕਾਲੂ ਨਾਥ ਮੰਦਰ ਦੇ ਨਾਲ ਸਰੋਵਰ ਸੁਸ਼ੋਭਿਤ ਹੈ, ਜਿਥੇ ਅਸਥੀਆਂ ਜਲ ਪ੍ਰਵਾਹ ਕੀਤੀਆਂ ਜਾਂਦੀਆਂ ਹਨ। ਬਾਬਾ ਕਾਲੂ ਨਾਥ ਵੱਲੋਂ ਇਸ ਸਥਾਨ ਉੱਤੇ ਮਾਤਾ ਗੰਗਾ ਜੀ ਨੂੰ ਪਰਗਟ ਕੀਤਾ ਗਿਆ ਸੀ। ਅੱਜ ਤੱਕ ਇਸ ਪਿੰਡ ਵਿੱਚ ਗੰਗਾ ਮਾਈ ਵਗਦੀ ਹੈ। ਪਿੰਡ ਵਾਸੀਆਂ ਦਾ ਮੰਨਣਾ ਹੈ ਕਿ ਜਿਨ੍ਹਾਂ ਨੂੰ ਗੰਗਾ ਇਸ਼ਨਾਨ ਅਤੇ ਅਸਥੀਆਂ ਜਲ ਪ੍ਰਵਾਹ ਕਰਨ ਲਈ ਹਰਿਦਵਾਰ ਨਹੀਂ ਜਾਣਾ ਪੈਂਦਾ, ਉਹ ਪਿੰਡ ਗੰਗਾ ਵਿਚ ਹੀ ਬਣੇ ਹੋਏ ਗੰਗਾ ਮਾਈ ਦੇ ਸਰੋਵਰ ਵਿੱਚ ਇਸ਼ਨਾਨ ਕਰਦੇ ਹਨ। ਕਰੀਬ 300 ਸਾਲਾ ਪਹਿਲਾਂ ਇਸ ਜਗ੍ਹਾ ਉਪਰ ਬਾਬਾ ਕਾਲੂ ਨਾਥ ਜੀ ਨੇ ਗੰਗਾ ਮਾਈ ਪਰਗਟ ਕੀਤੀ ਸੀ। ਇਸ ਜਗਾ ਉੱਪਰ ਮਾਨ, ਬੱਲ, ਰੋਮਾਣਾ, ਧਾਲੀਵਾਲ ਗੋਤਾਂ ਦੇ ਅਤੇ ਬੈਰਾਗੀ ਸਾਧ ਅਸਥੀਆਂ ਜਲ ਪ੍ਰਵਾਹ ਕਰਦੇ ਹਨ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਸ ਸਰੋਵਰ ਵਿੱਚ ਜਲ ਪ੍ਰਵਾਹ ਕੀਤੀਆਂ ਹੋਈਆਂ ਅਸਥੀਆਂ ਹਰਿਦੁਆਰ ਵਿਚ ਵਹਿੰਦੀ ਗੰਗਾ ਵਿਚ ਸਮਾ ਜਾਂਦੀਆਂ ਹਨ।
ਕੀ ਹੈ ਇਤਿਹਾਸ: ਬਾਬਾ ਕਾਲੂ ਨਾਥ ਮੰਦਰ ਦੇ ਸੇਵਾਦਾਰ ਹਰਭਜਨ ਸਿੰਘ ਨੇ ਦੱਸਿਆ ਕਿ ਕਰੀਬ 300 ਸਾਲ ਪਹਿਲਾਂ ਬਾਬਾ ਕਾਲੂ ਨਾਥ ਇਸ ਸਥਾਨ ਦੇ ਨਜ਼ਦੀਕ ਆ ਕੇ ਰਹਿਣ ਲੱਗੇ। ਉਸ ਸਮੇਂ ਜੇਕਰ ਕਿਸੇ ਦੀ ਮੌਤ ਹੋ ਜਾਂਦੀ ਸੀ ਤਾਂ ਮ੍ਰਿਤਕਾਂ ਦੀਆਂ ਅਸਥੀਆਂ ਜਲ ਪ੍ਰਵਾਹ ਕਰਨ ਲਈ ਹਰਿਦਵਾਰ ਪੰਡਤ ਲੈ ਕੇ ਜਾਇਆ ਕਰਦੇ ਸਨ। ਕੋਈ ਸਾਧਨ ਨਾ ਹੋਣ ਕਾਰਨ ਪੈਦਲ ਹੀ ਇਹ ਰਸਤਾ ਤੈਅ ਕਰਨਾ ਪੈਂਦਾ ਸੀ। ਹਰਿਦਵਾਰ ਜਾਣ ਸਮੇਂ ਪੰਡਤ ਬਾਬਾ ਕਾਲੂ ਨਾਥ ਜੀ ਕੋਲ ਅਰਾਮ ਕਰਨ ਲਈ ਰੁਕ ਜਾਂਦੇ ਸਨ। ਇਕ ਵਾਰ ਬਾਬਾ ਕਾਲੂ ਨਾਥ ਜੀ ਨੇ ਹਰਿਦਵਾਰ ਜਾ ਰਹੇ ਪੰਡਿਤ ਨੂੰ ਆਪਣੀ ਤੂੰਬੀ ਅਤੇ ਖੂੰਡੀ ਮਾਤਾ ਗੰਗਾ ਵਿਚ ਇਸ਼ਨਾਨ ਕਰਾਉਣ ਲਈ ਦਿੱਤੀ। ਹਰਿਦੁਆਰ ਜਾ ਕੇ ਜਦੋਂ ਪੰਡਤ ਵੱਲੋਂ ਬਾਬਾ ਕਾਲੂ ਨਾਥ ਜੀ ਦੀ ਦਿੱਤੀ ਹੋਈਤੂੰਬੀ ਅਤੇ ਖੂੰਡੀ ਨੂੰ ਗੰਗਾ ਮਈਆ ਵਿਚ ਜਲ ਇਸ਼ਨਾਨ ਕਰਾਉਣ ਲੱਗਾ, ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਬਾਬਾ ਕਾਲੂ ਨਾਥ ਦੀ ਦਿੱਤੀ ਹੋਈ ਤੂੰਬੀ ਅਤੇ ਖੂੰਡੀ ਮਾਤਾ ਗੰਗਾ ਦਾ ਵਹਾਅ ਤੇਜ ਹੋਣ ਕਾਰਨ ਵਹਿ ਗਈਆਂ।
ਇਹ ਵੀ ਪੜ੍ਹੋ : Shiromani Akali Dal Amritsar : ਅੰਮ੍ਰਿਤਪਾਲ 'ਤੇ ਕਾਰਵਾਈ ਦੇ ਵਿਰੋਧ 'ਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਕੱਢਿਆ ਰੋਸ ਮਾਰਚ
ਫਿਰ ਗੰਗਾ ਵਿੱਚੋਂ ਮਿਲ ਗਿਆ ਸਮਾਨ : ਵਾਪਸੀ ਉੱਤੇ ਪੰਡਤ ਵੱਲੋਂ ਬਾਬਾ ਕਾਲੂ ਨਾਥ ਜੀ ਨੂੰ ਖੂੰਡੀ ਅਤੇ ਤੂੰਬੀ ਗੰਗਾ-ਮਈਆ ਵਿਚ ਵਹਿ ਜਾਣ ਬਾਰੇ ਦੱਸਿਆ ਗਿਆ। ਬਾਬਾ ਕਾਲੂ ਨਾਥ ਜੀ ਵੱਲੋਂ ਪੰਡਤ ਨੂੰ ਇਸ ਅਸਥਾਨ ਉੱਤੇ ਇੱਕ ਇੱਟ ਹਟਾਉਣ ਲਈ ਕਿਹਾ ਗਿਆ ਹੈ। ਇੱਟ ਚੁੱਕਣ ਉੱਤੇ ਵੱਗ ਰਹੇ ਪਾਣੀ ਵਿੱਚੋਂ ਜੋ ਆਪਣਾ ਸਾਮਾਨ ਲੈਣ ਲਈ ਕਿਹਾ ਗਿਆ। ਇਸ ਸਮੇਂ ਪੰਡਤ ਨੂੰ ਹਰਿਦਵਾਰ ਵਿਖ਼ੇ ਗੰਗਾ ਮਈਆ ਵਿਚ ਵਹਿ ਗਈ ਤੂੰਬੀ ਅਤੇ ਖੂੰਡੀ ਮਿਲੀ। ਬਾਬਾ ਕਾਲੂ ਨਾਥ ਨੇ ਕਿਹਾ ਕਿ ਹੁਣ ਅਸਥੀਆਂ ਜਲ ਪ੍ਰਵਾਹ ਕਰਨ ਲਈ ਹਰਿਦਵਾਰ ਜਾਣ ਦੀ ਲੋੜ ਨਹੀਂ। ਇਸ ਪਿੰਡ ਵਿੱਚ ਗੰਗਾ ਮਾਈ ਪਰਗਟ ਹੋ ਗਈ ਹੈ ਅਤੇ ਲੋਕ ਇਥੇ ਹੀ ਅਸਥੀਆਂ ਜਲ ਪ੍ਰਵਾਹ ਕਰਨਗੇ। ਉਸ ਸਮੇਂ ਤੋਂ ਨਿਰੰਤਰ ਇਸ ਪਿੰਡ ਵਿੱਚ ਗੰਗਾ ਮਾਈ ਵੱਗ ਰਹੀ ਹੈ। ਲੋਕ ਦੂਰੋਂ ਦੂਰੋਂ ਮਿਰਤਕਾਂ ਦੀਆਂ ਅਸਥੀਆਂ ਜਲ ਪ੍ਰਵਾਹ ਕਰਨ ਲਈ ਆਉਂਦੇ ਹਨ।