ਬਠਿੰਡਾ : ਬਠਿੰਡਾ ਵਿੱਚ ਕਈ ਪੱਧਰੀ ਕਾਰ ਪਾਰਕਿੰਗ ਬਿਲਡਿੰਗ ਦਾ ਮਾਮਲਾ ਵਿਵਾਦਾਂ ਦਾ ਕਾਰਣ ਬਣ ਰਿਹਾ ਹੈ। ਇਸਨੂੰ ਲੈ ਕੇ ਸਿਆਸਤ ਵੀ ਖੂਬ ਹੋ ਰਹੀ ਹੈ। ਨਗਰ ਨਿਗਮ ਵੱਲੋਂ ਤਿਆਰ ਕੀਤੀ ਗਈ ਇਸ ਕਾਰ ਪਾਰਕਿੰਗ ਦੀ ਇਮਾਰਤ ਨਿੱਜੀ ਠੇਕੇਦਾਰਾਂ ਨੂੰ ਦਿੱਤੀ ਗਈ ਹੈ, ਜਿਹਨਾਂ ਵੱਲੋਂ ਦੋ ਟ੍ਰੈਫਿਕ ਮੁਲਾਜ਼ਮਾਂ ਨੂੰ ਨਾਲ ਲੈ ਕੇ ਯੈਲੋ ਲਾਈਨ ਅੰਦਰ ਖੜ੍ਹੀਆਂ ਗੱਡੀਆਂ ਨੂੰ ਟੋਅ ਵੈਨ ਰਾਹੀਂ ਚੁੱਕਿਆ ਜਾ ਰਿਹਾ ਹੈ। ਇਸ ਤੋਂ ਇਲਾਵਾ 800 ਰੁਪਏ ਜੁਰਮਾਨਾ ਵੀ ਵਸੂਲ ਕੀਤਾ ਜਾ ਰਿਹਾ ਹੈ।
ਇਸ ਮਸਲੇ ਨੂੰ ਲੈ ਕੇ ਬਠਿੰਡਾ ਦੇ ਸਾਬਕਾ ਕੌਂਸਲਰ ਵਿਜੈ ਕੁਮਾਰ ਵੱਲੋਂ ਹਮੇਸ਼ਾ ਦੀ ਤਰ੍ਹਾਂ ਵੱਖਰੇ ਤਰੀਕੇ ਨਾਲ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ। ਸਾਬਕਾ ਕੌਂਸਲਰ ਨੇ ਆਪਣੀਆਂ ਅੱਖਾਂ ਉੱਤੇ ਕਾਲੀ ਪੱਟੀ ਬੰਨ੍ਹ ਕੇ ਗਲੇ ਵਿੱਚ ਇਕ ਕਾਰ ਖਿਡੌਣਾ ਸਿਰ ਉੱਤੇ ਚੁੱਕ ਨਗਰ ਨਿਗਮ ਦੇ ਅਧਿਕਾਰੀਆਂ ਦੇ ਖਿਲਾਫ ਪ੍ਰਦਰਸ਼ਨ ਕੀਤਾ ਹੈ। ਸਾਬਕਾ ਕੌਂਸਲਰ ਨੇ ਗਲੇ ਵਿੱਚ ਵੀ ਕਾਰਾਂ ਦਾ ਹਾਰ ਪਾਇਆ ਹੋਇਆ ਸੀ।
ਇਸ ਮੌਕੇ ਸਾਬਕਾ ਕੌਂਸਲਰ ਵਿਜੈ ਕੁਮਾਰ ਨੇ ਕਿਹਾ ਕਿ ਬਠਿੰਡਾ ਸ਼ਹਿਰ ਦੇ ਵਿੱਚ ਕਾਰ ਪਾਰਕਿੰਗ ਦੇ ਨਾਂ ਉੱਤੇ ਆਮ ਲੋਕਾਂ ਦੀ ਅਤੇ ਵਪਾਰੀਆਂ ਦੀ ਲੁੱਟ ਕੀਤੀ ਜਾ ਰਹੀ ਹੈ। ਇਹ ਲੁੱਟ ਨਗਰ ਨਿਗਮ ਵਲੋਂ ਠੇਕੇਦਾਰਾਂ ਦੇ ਰਾਹੀਂ ਕਰਵਾਈ ਜਾ ਰਹੀ ਹੈ। ਬੇਸ਼ਕ ਇਸ ਮੁੱਦੇ ਉੱਤੇ ਸਿਆਸੀ ਪਾਰਟੀਆਂ ਦੇ ਆਗੂ ਇਕੱਠੇ ਹੋ ਕੇ ਮੰਗ ਪੱਤਰ ਸੌਂਪ ਰਹੇ ਹਨ ਪਰ ਉਨ੍ਹਾਂ ਵੱਲੋਂ ਇਹ ਡਰਾਮਾ ਕੀਤਾ ਜਾ ਰਿਹਾ ਹੈ। ਕਿਉਂਕਿ ਕਾਂਗਰਸ ਪਾਰਟੀ ਦੇ 41 ਕੌਂਸਲਰ ਹਨ ਅਤੇ ਬਾਕੀ ਅਕਾਲੀਆ ਦੇ 7 ਕੌਂਸਲਰ ਹਨ। ਹਾਊਸ ਮੀਟਿੰਗ ਵਿੱਚੋਂ ਬਾਹਰ ਆ ਕੇ ਡਰਾਮਾ ਕਰ ਰਹੇ ਹਨ।
ਸਾਬਕਾ ਕੌਂਸਲਰ ਨੇ ਕਿਹਾ ਕਿ ਇਹ ਵਪਾਰੀਆਂ ਦੀ ਲੁੱਟ ਬੰਦ ਹੋਣੀ ਚਾਹੀਦੀ ਹੈ। ਮਲਟੀ ਲੈਵਲ ਕਾਰ ਪਾਰਕਿੰਗ ਦੇ ਨਾਂ ਉੱਤੇ ਵਪਾਰੀਆਂ ਅਤੇ ਆਮ ਲੋਕਾਂ ਦੀ ਲੁੱਟ ਹੋ ਰਹੀ ਹੈ। ਉੱਥੇ ਹੀ ਬਾਜ਼ਾਰਾਂ ਵਿੱਚ ਸੁੰਨ ਪਸਰੀ ਹੋਈ ਹੈ। ਇੰਝ ਲੱਗਦਾ ਹੈ ਕਿ ਜਿਵੇਂ ਬਾਜ਼ਾਰਾਂ ਵਿੱਚ ਤਾਲਾਬੰਦੀ ਹੋ ਗਈ ਹੈ ਅਤੇ ਵਪਾਰੀਆਂ ਦਾ ਕੰਮਕਾਜ ਠੱਪ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਮੇਰੇ ਵੱਲੋਂ ਕੀਤੇ ਜਾ ਰਹੇ ਪ੍ਰਦਰਸ਼ਨ ਤੋਂ ਬਾਅਦ ਨਗਰ ਨਿਗਮ ਨੇ ਆਪਣਾ ਫੈਸਲਾ ਵਾਪਸ ਨਹੀਂ ਲਿਆ ਤਾਂ ਸ਼ਹਿਰ ਦੇ ਸਾਰੇ ਵਪਾਰੀਆਂ ਨੂੰ ਇਕੱਠਾ ਕਰਕੇ ਦੁਕਾਨਾਂ ਦੇ ਤਾਲੇ ਲਾ ਕੇ ਚਾਬੀਆਂ ਨਗਰ ਨਿਗਮ ਦੇ ਵਿਚ ਸੁੱਟ ਕੇ ਆਵਾਂਗੇ।