ਤਲਵੰਡੀ ਸਾਬੋ: ਕੇਂਦਰ ਦੇ ਖੇਤੀ ਕਾਨੂੰਨਾਂ ਖਿਲਾਫ਼ ਦਿੱਲੀ ਦੇ ਟਿੱਕਰੀ ਬਾਰਡਰ 'ਤੇ ਸਰਕਾਰ ਖਿਲਾਫ਼ ਮੋਰਚਾ ਲਾ ਕੇ ਬੈਠੇ ਕਿਸਾਨਾਂ ਵਿੱਚੋਂ ਸਬ ਡਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਲਾਲੇਆਣਾ ਦੇ ਕਿਸਾਨ ਲਖਵੀਰ ਸਿੰਘ (57) ਦੀ ਬੀਤੀ ਰਾਤ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ।
ਕਿਸਾਨ ਆਗੂਆਂ ਮੁਤਾਬਿਕ ਦਿਲ ਦਾ ਦੌਰਾ ਪੈਣ 'ਤੇ ਕਿਸਾਨ ਨੂੰ ਪਹਿਲਾਂ ਦਿੱਲੀ ਦੇ ਇੱਕ ਹਸਪਤਾਲ ਅਤੇ ਫੇਰ ਪੀਜੀਆਈ ਰੋਹਤਕ ਲੈਜਾਇਆ ਗਿਆ ਜਿੱਥੇ ਉਸ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ।
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) 'ਚ ਕੰਮ ਕਰਦਾ ਉਕਤ ਕਿਸਾਨ 26 ਨਵੰਬਰ ਨੂੰ ਕਿਸਾਨ ਜਥੇਬੰਦੀਆਂ ਵੱਲੋਂ ਦਿੱਤੇ 'ਦਿੱਲੀ ਚੱਲੋੋ' ਦੇ ਸੱਦੇ ਤਹਿਤ ਭਾਕਿਯੂ (ਉਗਰਾਹਾਂ) ਦੇ ਡੱਬਵਾਲੀ ਰਾਹੀਂ ਗਏ ਜਥੇ ਨਾਲ ਰਵਾਨਾ ਹੋਇਆ ਸੀ।
ਕਿਸਾਨ ਦੇ ਪਰਿਵਾਰਿਕ ਮੈਂਬਰਾਂ ਨੇ ਸਰਕਾਰਾਂ ਤੋਂ ਮੰਗ ਕੀਤੀ ਹੈ ਕਿ ਕਿਸਾਨੀ ਮਸਲੇ ਦਾ ਜਲਦ ਹੱਲ ਕੱਢਿਆ ਜਾਵੇ ਤਾਂਕਿ ਉਨ੍ਹਾਂ ਵਾਂਗ ਕਿਸੇ ਹੋਰ ਦਾ ਘਰ ਨਾ ਉੱਜੜੇ।
ਓਧਰ ਕਿਸਾਨ ਆਗੂਆਂ ਨੇ ਦੱਸਿਆ ਕਿ ਮ੍ਰਿਤਕ ਦੇਹ ਅਜੇਪੀਜੀਆਈ ਰੋਹਤਕ ਵਿਖੇ ਹੀ ਪਈ ਹੈ ਤੇ ਸ਼ਹੀਦ ਦਾ ਪਰਿਵਾਰ ਦੀ ਸਲਾਹ ਉਪਰੰਤ ਉਦੋਂ ਤੱਕ ਸਸਕਾਰ ਨਹੀਂ ਕੀਤਾ ਜਾਵੇਗਾ ਜਦੋਂ ਸਰਕਾਰ ਮ੍ਰਿਤਕ ਦੇ ਪਰਿਵਾਰ ਨੂੰ 10 ਲੱਖ ਰੁਪਏ ਮੁਆਵਜ਼ਾ ਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ ਨਹੀਂ ਕਰਦੀ। ਕਿਸਾਨ ਆਪਣੇ ਪਿੱਛੇ ਪਤਨੀ, ਵਿਆਹੁਤਾ ਬੇਟਾ ਅਤੇ ਵਿਆਹੁਤਾ ਬੇਟੀ ਛੱਡ ਗਿਆ ਹੈ। ਇਲਾਕੇ ਵਿੱਚ ਸ਼ੋਕ ਦੀ ਲਹਿਰ ਪਾਈ ਜਾ ਰਹੀ ਹੈ।