ਬਠਿੰਡਾ: ਕੁੜੀਆਂ ਦੀ ਸੁਰੱਖਿਆ ਹੁਣ ਵੀ ਭਾਰਤ ਦਾ ਸੱਭ ਤੋਂ ਵੱਡਾ ਮੁੱਦਾ ਬਣਿਆ ਹੋਇਆ ਹੈ। ਬਠਿੰਡਾ ਦੇ ਸ਼ਹਿਰ ਰਾਮਪੁਰਾ ਤੋਂ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਮਨਚਲੇ ਵੱਲੋਂ ਕੀਤੀ ਜਾ ਰਹੀ ਛੇੜਛਾੜ ਅਤੇ ਨਜਾਇਜ਼ ਸਬੰਧ ਬਣਾਉਣ ਲਈ ਦਬਾਅ ਪਾਏ ਜਾਣ ਤੋਂ ਦੁਖੀ ਹੋਈ ਸਰਕਾਰੀ ਸਕੂਲ ਦੀ ਦਸਵੀਂ ਜਮਾਤ ਦੀ ਵਿਦਿਆਰਥਣ ਨੇ ਜ਼ਹਿਰੀਲੀ ਚੀਜ਼ ਪੀ ਕੇ ਖੁਦਕੁਸ਼ੀ ਕਰ ਲਈ।
ਪੁਲਿਸ ਨੇ ਮ੍ਰਿਤਕ ਲੜਕੀ ਦੀ ਮਾਤਾ ਦੇ ਬਿਆਨਾਂ ਦੇ ਅਧਾਰ ’ਤੇ ਕਥਿਤ ਦੋਸ਼ੀ ਨੌਜਵਾਨ ਖਿਲਾਫ਼ ਮਾਸਲਾ ਦਰਜ ਕਰ ਲਿਆ ਹੈ। ਥਾਣਾ ਫੂਲ ਦੀ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਮ੍ਰਿਤਕ ਕੁੜੀ ਦੀ ਮਾਂ ਨੇ ਦੱਸਿਆ ਕਿ ਉਸਦੀ 15 ਸਾਲਾ ਨਾਬਾਲਗ਼ ਕੁੜੀ ਜ਼ਿਲ੍ਹੇ ਦੇ ਇੱਕ ਸਰਕਾਰੀ ਸਕੂਲ ਵਿੱਚ ਦਸਵੀਂ ਜਮਾਤ ਵਿਚ ਪੜ੍ਹਦੀ ਸੀ। ਉਸਨੇ ਦੱਸਿਆ ਕਿ ਉਸ ਦੀ ਕੁੜੀ ਪਿਛਲੇ ਕਈ ਦਿਨ੍ਹਾਂ ਤੋਂ ਸਕੂਲ ਪੜ੍ਹਣ ਲਈ ਨਹੀਂ ਜਾ ਰਹੀ ਸੀ।
ਪੀੜਤ ਨੇ ਦੱਸਿਆ ਕਿ ਪਿੰਡ ਫੂਲ ਦਾ ਨੌਜਵਾਨ ਗਗਨਦੀਪ ਸਿੰਘ ਪੁੱਤਰ ਮੋਹਨ ਸਿੰਘ ਸਕੂਲ ਜਾਣ ਸਮੇਂ ਉਸਦੀ ਕੁੜੀ ਦਾ ਹਰ ਰੋਜ਼ ਪਿੱਛਾ ਕਰਦਾ ਸੀ। ਕਥਿਤ ਦੋਸ਼ੀ ਨੇ ਉਸ ਦੀ ਕੁੜੀ ਨੂੰ ਮੋਬਾਇਲ ਫੋਨ ਲੈ ਕੇ ਜਾਣ ਤੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਨਸ਼ੇ ਦੀਆਂ ਗੋਲੀਆਂ ਦੇ ਕੇ ਉਸ ਨਾਲ ਨਜਾਇਜ਼ ਸਬੰਧ ਬਣਾਉਣ ਲਈ ਦਬਾਅ ਪਾ ਰਿਹਾ ਸੀ।
ਇਹ ਵੀ ਪੜ੍ਹੋ: ਨਿਰਭਯਾ ਮਾਮਲਾ : ਦੋਸ਼ੀ ਅਕਸ਼ੇ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ ਅੱਜ ਸੁਣਾਏਗਾ ਫ਼ੈਸਲਾ
ਪੀੜਤ ਨੇ ਦੱਸਿਆ ਕਿ ਉਸਦਾ ਪਤੀ ਡਰਾਇਵਰੀ ਦਾ ਕੰਮ ਕਰਦਾ ਹੋਣ ਕਾਰਨ ਜ਼ਿਆਦਾ ਬਾਹਰ ਰਹਿੰਦਾ ਹੈ। ਉਸਨੇ ਦੱਸਿਆ ਕਿ ਉਕਤ ਨੌਜਵਾਨ ਨੂੰ ਅਜਿਹਾ ਕਰਨ ਤੋਂ ਰੋਕਣ ਲਈ ਉਸਨੇ ਪਿੰਡ ਫੂਲ ਦੇ ਰੇਸ਼ਮ ਸਿੰਘ ਪੁੱਤਰ ਜੀਤ ਸਿੰਘ ਨੂੰ ਵੀ ਭੇਜਿਆ ਸੀ ਪਰ ਇਸਦੇ ਬਾਵਜੂਦ ਕਥਿਤ ਦੋਸ਼ੀ ਉਸਦੀ ਕੁੜੀ ਉੱਪਰ ਸਬੰਧ ਬਣਾਉਣ ਲਈ ਦਬਾਅ ਪਾਉਦਾ ਰਿਹਾ ਜਿਸ ਕਾਰਨ ਦੁਖੀ ਹੋ ਕੇ ਨਾਬਾਲਗ ਕੁੜੀ ਨੇ ਬੀਤੇ ਬੁੱਧਵਾਰ ਨੂੰ ਜ਼ਹਿਰੀਲੀ ਦਵਾਈ ਪੀ ਲਈ ਜਿਸਨੂੰ ਇਲਾਜ ਲਈ ਬਠਿੰਡਾ ਦੇ ਇਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਜਿੱਥੇ ਮੰਗਲਵਾਰ ਨੂੰ ਇਲਾਜ ਦੌਰਾਨ ਉਕਤ ਕੁੜੀ ਦੀ ਮੌਤ ਹੋ ਗਈ।
ਪੀੜਤ ਨੇ ਪੁਲਿਸ ਕੋਲ ਦਰਜ਼ ਕਰਵਾਏ ਬਿਆਨਾਂ ਵਿਚ ਦੱਸਿਆ ਕਿ ਕਥਿਤ ਦੋਸ਼ੀ ਗਗਨਦੀਪ ਸਿੰਘ ਦੀ ਛੇੜਛਾੜ ਤੋਂ ਦੁਖੀ ਹੋ ਕੇ ਉਸਦੀ ਕੁੜੀ ਨੇ ਖੁਦਕੁਸ਼ੀ ਕੀਤੀ ਹੈ। ਥਾਣਾ ਫੂਲ ਦੀ ਪੁਲਿਸ ਨੇ ਗੁਰਸੇਵਕ ਸਿੰਘ ਖਿਲਾਫ਼ ਕੇਸ ਦਰਜ ਕਰਕੇ ਉਸਦੀ ਭਾਲ ਸ਼ੁਰੂ ਕਰ ਦਿੱਤੀ ਹੈ। ਜਾਂਚ ਅਧਿਕਾਰੀ ਏਐਸਆਈ ਜਸਬੀਰ ਸਿੰਘ ਨੇ ਦੱਸਿਆ ਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ,ਆਰੋਪੀ ਦੀ ਗ੍ਰਿਫਤਾਰੀ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ।