ਬਠਿੰਡਾ: ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਪੰਜਾਬ ਦੇ ਪਾਣੀ ਨੂੰ ਬਚਾਉਣ ਦੇ ਮੁੱਦੇ ਨੂੰ ਲੈ ਕੇ ਬਠਿੰਡਾ ਪਹੁੰਚੇ। ਉਨ੍ਹਾਂ ਨੇ ਪੰਜਾਬ ਦੇ ਪਾਣੀ ਨੂੰ ਬਚਾਉਣ ਦੇ ਲਈ ਸਾਡਾ ਪਾਣੀ, ਸਾਡਾ ਹੱਕ ਮੁਹਿੰਮ ਤਹਿਤ ਪੰਜਾਬ ਦੇ ਲੋਕਾਂ ਤੋਂ ਸਾਈਨ ਕਰਵਾਉਣ ਦਾ ਟੀਚਾ ਵਿੱਢਿਆ ਹੋਇਆ ਹੈ। ਈਟੀਵੀ ਭਾਰਤ ਵੱਲੋਂ ਵਿਖਾਇਆ ਜਾ ਰਹੇ 'ਕਾਲੇ ਪਾਣੀ ਤੋਂ ਆਜ਼ਾਦੀ' ਨੂੰ ਲੈ ਕੇ ਬੁੱਢੇ ਨਾਲੇ ਦਾ ਇੱਕ ਕੌੜਾ ਦ੍ਰਿਸ਼ ਜਿਸ ਦੇ ਉੱਤੇ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਅੱਜ ਦੀ ਘੜੀ 'ਚ ਲੁਧਿਆਣਾ ਵਿੱਚ ਬੁੱਢਾ ਨਾਲਾ ਸਿਆਸਤ ਦਾ ਸ਼ਿਕਾਰ ਹੋ ਚੁੱਕਿਆ ਹੈ।
ਉਨ੍ਹਾਂ ਕਿਹਾ ਕਿ ਹਰ ਸਾਲ ਕਰੋੜਾਂ ਦੇ ਫ਼ੰਡ ਸਿਰਫ਼ ਕਾਗਜ਼ਾਂ ਵਿੱਚ ਹੀ ਨਜ਼ਰ ਆਉਂਦੇ ਹਨ ਤੇ ਗੰਦੇ ਨਾਲੇ ਦੇ ਪਾਣੀ ਦੀ ਸਫ਼ਾਈ ਲਈ ਖ਼ਰਚ ਹੋਣ ਵਾਲੇ ਕਰੋੜਾਂ ਰੁਪਏ ਜ਼ਰੂਰ ਪਾਸ ਹੁੰਦੇ ਹਨ, ਪਰ ਉਹ ਸਫ਼ਾਈ ਸਿਰਫ਼ ਕਾਗਜ਼ਾਂ ਤੱਕ ਹੀ ਸੀਮਤ ਰਹਿ ਜਾਂਦੀ ਹੈ। ਸਿਮਰਜੀਤ ਸਿੰਘ ਬੈਂਸ ਨੇ ਦੱਸਿਆ ਕਿ ਸਾਰੇ ਵੱਖ-ਵੱਖ ਰਾਜ ਆਪਣੇ ਕੁਦਰਤੀ ਸਰੋਤਾਂ ਤੋਂ ਹੋਣ ਵਾਲੀ ਆਮਦਨ ਨਾਲ ਆਪਣੇ ਖੇਤਰ ਦਾ ਵਿਕਾਸ ਕਰ ਰਹੇ ਹਨ, ਜਦਕਿ ਪੰਜਾਬ ਵਿੱਚ ਚੋਣਾਂ ਦੌਰਾਨ ਹਰ ਵਾਰ ਦੀ ਤਰ੍ਹਾਂ ਰਵਾਇਤੀ ਪਾਰਟੀਆਂ ਵੱਲੋਂ ਮੁੱਦੇ ਚੁੱਕੇ ਜਾਂਦੇ ਹਨ, ਹਾਲਾਂਕਿ ਅਮਲ ਨਾ ਹੋਣ ਕਰਕੇ ਪੰਜਾਬ ਵਿੱਚੋਂ ਪਾਣੀ ਦਾ ਪੱਧਰ ਹੁਣ ਲਗਾਤਾਰ ਘੱਟਦਾ ਜਾ ਰਿਹਾ ਹੈ।
ਇਹ ਵੀ ਪੜ੍ਹੋ: 550ਵਾਂ ਪ੍ਰਕਾਸ਼ ਪੁਰਬ: ਕੌਮਾਂਤਰੀ ਨਗਰ ਕੀਰਤਨ ਦੀ ਖ਼ਾਸ ਝਲਕ
ਸਿਮਰਜੀਤ ਬੈਂਸ ਨੇ ਕਿਹਾ ਕਿ ਪੰਜਾਬ ਨੂੰ ਬਚਾਉਣ ਦੀ ਤੇ ਜਾਗਰੂਕ ਹੋਣ ਦੀ ਜ਼ਰੂਰਤ ਹੈ, ਤਾਂ ਜੋ ਪੰਜਾਬ ਨੂੰ ਕਰਜ਼ਾ ਮੁਕਤ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਗੁਆਂਢੀ ਸੂਬਿਆਂ ਤੋਂ ਪਾਣੀ ਦਾ ਬਣਦਾ ਮੁੱਲ ਵਸੂਲਿਆ ਜਾਵੇ। ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦਾ ਸਮਾਂ ਪੌਣੇ ਦੋ ਦਿਨ ਦਾ ਰੱਖਿਆ ਗਿਆ ਹੈ, ਇਹ ਕਾਂਗਰਸ ਸਰਕਾਰ ਦੀ ਨਾਕਾਬਲੀਅਤ ਦੀ ਨਿਸ਼ਾਨੀ ਹੈ। ਬੈਂਸ ਨੇ ਕਿਹਾ ਕਿ ਸੂਬਾ ਸਰਕਾਰ ਨੇ ਪੰਜਾਬ ਲਈ ਕੁੱਝ ਨਹੀਂ ਕੀਤਾ ਅਤੇ ਇਸ ਲਈ ਸੈਸ਼ਨ ਦਾ ਸਮਾਂ ਸਿਰਫ਼ ਨਾ ਮਾਤਰ ਹੀ ਰੱਖਿਆ ਗਿਆ ਹੈ।
ਇਹ ਵੀ ਪੜ੍ਹੋ: ਪੰਜਾਬ ਵੀ ਅੱਤਵਾਦ ਦੇ ਨਿਸ਼ਾਨੇ 'ਤੇ ਹਾਈ ਅਲਰਟ ਜਾਰੀ, ਇੱਕ ਕਾਬੂ