ਬਠਿੰਡਾ: ਕਿਸਾਨਾਂ ਨੂੰ ਫ਼ਸਲੀ ਚੱਕਰ ਵਿਚੋਂ ਕੱਢਣ ਲਈ ਇਕ ਪਾਸੇ ਜਿੱਥੇ ਸਰਕਾਰਾਂ ਵੱਲੋਂ ਸਹਾਇਕ ਧੰਦੇ ਅਪਨਾਉਣ ਦੀ ਅਪੀਲ ਕੀਤੀ ਜਾ ਰਹੀ ਹੈ, ਪਰ ਦੂਜੇ ਪਾਸੇ ਇੰਨੀ ਦਿਨੀਂ ਅਫਵਾਹ ਕਾਰਨ ਪਿੱਗ ਫਾਰਮਿੰਗ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ। ਬਠਿੰਡਾ ਦੇ ਪਿੰਡ ਨਰੂਆਣਾ ਵਿਖੇ ਪਿੱਗ ਫਾਰਮਿੰਗ ਦਾ ਕੰਮ ਕਰਨ ਵਾਲੇ ਕਿਸਾਨ ਗੁਰਤੇਜ ਸਿੰਘ ਨੇ ਦੱਸਿਆ ਕਿ ਅਫਵਾਹਾਂ ਕਾਰਨ ਪੀਗ ਫਾਰਮਿੰਗ ਦਾ ਕਾਰੋਬਾਰ ਬੁਰੀ ਤਰ੍ਹਾਂ ਬਰਬਾਦ ਹੋ ਗਿਆ ਹੈ।
ਕਾਰੋਬਾਰ ਠੱਪ ਹੋਣ ਦੀ ਕਗਾਰ 'ਤੇ: ਪਿੱਗ ਫਾਰਮਿੰਗ ਦਾ ਕੰਮ ਕਰਨ ਵਾਲੇ ਕਿਸਾਨ ਗੁਰਤੇਜ ਸਿੰਘ ਨੇ ਦੱਸਿਆ ਕਿ ਬਾਜ਼ਾਰ ਵਿਚ 145 ਰੁਪਏ ਵਿਕਣ ਵਾਲਾ ਮੀਟ 125 ਰੁਪਏ ਵਿਕ ਰਿਹਾ ਹੈ ਜਿਸ ਤੋਂ ਸਭ ਤੋਂ ਵੱਧ ਨਵੇਂ ਕਾਰੋਬਾਰੀ ਪ੍ਰਭਾਵਤ ਹੋਏ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਆਏ ਦਿਨ ਹੀ ਸਵਾਈਨ ਫ਼ਲੂ ਨੂੰ ਲੈ ਕੇ ਦਿੱਤੀਆਂ ਜਾ ਰਹੀਆਂ ਸਟੇਟਮੈਂਟਾਂ ਕਾਰਨ ਇਸ ਕਾਰੋਬਾਰ ਦੇ ਇਹ ਹਾਲਾਤ ਪੈਦਾ ਹੋਏ ਹਨ। ਜਦਕਿ ਜ਼ਮੀਨੀ ਪੱਧਰ ਉੱਪਰ ਅੱਜ ਦੇ ਸਮੇਂ ਵਿੱਚ ਪਿੱਗ ਫਾਰਮਿੰਗ ਵਿਚ ਅਜਿਹੀ ਕੋਈ ਬਿਮਾਰੀ ਨਹੀ ਹੈ। ਪਰ, ਸਰਕਾਰ ਦੀਆ ਹਦਾਇਤਾਂ ਅਨੁਸਾਰ ਪਿੱਗ ਫਾਰਮ ਦੇ ਮਾਲਕਾਂ ਵੱਲੋਂ ਵੱਡੀ ਗਿਣਤੀ ਵਿੱਚ ਦਵਾਈਆਂ ਲਿਆ ਕੇ ਰੱਖੀਆਂ ਗਈਆਂ ਹਨ।
ਸਰਕਾਰ ਨੂੰ ਗੌਰ ਕਰਨਾ ਚਾਹੀਦਾ: ਕਿਸਾਨ ਗੁਰਤੇਜ ਸਿੰਘ ਨੇ ਕਿਹਾ ਕਿ ਹੁਣ ਸਰਕਾਰ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਜਦੋਂ ਇਹ ਕੋਈ ਬਿਮਾਰੀ ਹੈ, ਹੀ ਨਹੀਂ ਤਾਂ ਹਰ ਰੋਜ਼ ਨਵੀਂ ਅਫਵਾਹ ਫੈਲਾਈ ਜਾ ਰਹੀ ਹੈ। ਉਨ੍ਹਾਂ ਨੇ ਮਾਨ ਸਰਕਾਰ ਨੂੰ ਅਪੀਲ ਕੀਤੀ ਕਿ ਜਾਂ ਤਾਂ ਸਰਕਾਰ ਦਾ ਕੋਈ ਨੁਮਾਇੰਦਾ ਆ ਕੇ ਇੱਥੇ ਚੈਕ ਕਰੇ, ਜੇਕਰ ਸਵਾਈਨ ਫਲੂ ਜਾਂ ਕੋਈ ਬਿਮਾਰੀ ਲੱਗਦੀ ਹੈ, ਤਾਂ ਹੱਲ ਕਰੇ। ਪਰ, ਉੱਡ ਰਹੀਆਂ ਅਫਵਾਹਾਂ ਉੱਤੇ ਸਰਕਾਰ ਠੱਲ੍ਹ ਪਾਵੇ। ਅਫਵਾਹਾਂ ਕਰਕੇ ਇਨ੍ਹਾਂ ਦੀਆਂ ਕੀਮਤਾਂ ਵਿੱਚ ਗਿਰਾਵਟ ਆ ਰਹੀ ਹੈ। ਸਰਕਾਰ ਨੂੰ ਇਸ ਕਾਰੋਬਾਰ ਉੱਤੇ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਨੂੰ ਇਸ ਸਹਾਇਕ ਧੰਦੇ ਲਈ ਸਬਸਿਡੀ ਵੀ ਦੇਣੀ ਚਾਹੀਦੀ ਹੈ, ਤਾਂ ਇਹ ਕਾਰੋਬਾਰ ਪ੍ਰਫੁਲਿਤ ਹੋ ਸਕੇ।
ਪਿੱਗ ਫਾਰਮਿੰਗ ਮੁਨਾਫੇ ਦਾ ਕੰਮ: ਕਿਸਾਨ ਗੁਰਤੇਜ ਸਿੰਘ ਨੇ ਕਿਹਾ ਕਿ ਪਿੱਗ ਫਾਰਮਿੰਗ ਮੁਨਾਫੇ ਵਾਲਾ ਕੰਮ ਹੈ। ਇਸ ਕੰਮ ਵਿੱਚ ਕਮਾਈ ਬਹੁਤ ਹੈ। ਕਿਸਾਨ ਗੁਰਤੇਜ ਨੇ ਉੱਥੇ ਹੀਂ, ਨਵੇਂ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਪਹਿਲਾਂ ਇਸ ਕਿੱਤੇ ਬਾਰੇ ਪੂਰੀ ਤਰ੍ਹਾਂ ਜਾਣਕਾਰੀ ਲਓ ਅਤੇ ਫਿਰ ਇਹ ਇਸ ਕਿੱਤੇ ਵਿੱਚ ਆਵੇ। ਜੋ ਪਹਿਲਾਂ ਤੋਂ ਇਹ ਕਾਰੋਬਾਰ ਕਰ ਰਹੇ ਹਨ, ਉਨ੍ਹਾਂ ਨੂੰ ਆ ਕੇ ਮਿਲਣ ਅਤੇ ਸਾਰਾ ਕੁੱਝ ਵੇਖ ਕੇ ਪਿੱਗ ਫਾਰਮਿੰਗ ਨੂੰ ਸਹਾਇਕ ਧੰਦੇ ਵਜੋਂ ਅਪਨਾਇਆ ਜਾਵੇ।
ਇਹ ਵੀ ਪੜ੍ਹੋ: ਅਮਿਤ ਸ਼ਾਹ ਉੱਤੇ ਭੜਕੇ ਪੰਜਾਬ ਕਾਂਗਰਸ ਪ੍ਰਧਾਨ ਵੜਿੰਗ, ਕਿਹਾ- "ਪੰਜਾਬ 'ਚ ਏ ਅਤੇ ਬੀ ਟੀਮਾਂ ਜਾਣਬੁੱਝ ਕੇ ਮਾਹੌਲ ਖ਼ਰਾਬ ਕਰ ਰਹੀ"