ਬਠਿੰਡਾ: ਸੂਬੇ 'ਚ ਲਗਾਤਾਰ ਅਪਰਾਧ ਵੱਧ ਰਹੇ ਹਨ ਦਿਨ ਦਿਹਾੜੇ ਲੁੱਟਾਂ ਖੋਹਾਂ ਹੋ ਰਹੀਆਂ। ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਬਠਿੰਡਾ ਗੋਨਿਆਣਾ ਤੋਂ ਜਿਥੇ ਹਾਈਵੇ 'ਤੇ ਮਾਲਵੀਆ ਨਗਰ ਵਿੱਚ ਸਵੇਰ ਦੀ ਸੈਰ ਦੌਰਾਨ ਔਰਤ ਦੀ ਸੋਨੇ ਦੀ ਚੇਨ ਸਨੈਚਿੰਗ ਦੀ ਘਟਨਾ ਵਾਪਰੀ ਇਥੇ ਦੋ ਮੋਟਰਸਾਈਕਲ ਸਵਾਰਾਂ ਵੱਲੋਂ ਘਟਨਾਂ ਨੂੰ ਅੰਜਾਮ ਦਿੰਦਿਆਂ ਤਸਵੀਰਾਂ ਸਾਹਮਣੇ ਆਈਆਂ ਹਨ। ਤਸਵੀਰਾਂ ਵਿਚ ਲੁਟੇਰੇ ਸੈਰ ਕਰਦੀ ਮਹਿਲਾ ਤੋਂ ਚੇਨ ਖੋਹ ਕੇ ਭੱਜਦੇ ਹੋਏ ਨਜ਼ਰ ਆ ਰਹੇ ਹਨ। ਇਸ ਦੌਰਾਨ ਭੱਜੇ ਜਾਂਦੇ ਲੁਟੇਰਿਆਂ ਵੱਲੋਂ ਗੋਲੀ ਚਲਾਉਣ ਦੀ ਗੱਲ ਵੀ ਸਾਹਮਣੇ ਆਈ ਹੈ।
ਚੇਨ ਖੋਹ ਕੇ ਫਰਾਰ ਹੁੰਦਿਆਂ ਦੀ ਤਸਵੀਰ : ਘਟਨਾ ਦਾ ਪਤਾ ਚੱਲਦਿਆਂ ਹੀ ਪੁਲਿਸ ਪ੍ਰਸ਼ਾਸਨ ਮੌਕੇ 'ਤੇ ਪਹੁੰਚਿਆ। ਐਸ. ਪੀ. ਸਿਟੀ ਡੀਐਸਪੀ ਸਿਟੀ ਅਤੇ ਐਸ. ਐਚ. ਓ ਕੋਤਵਾਲੀ ਵੱਲੋਂ ਘਟਨਾ ਵਾਲੀ ਥਾਂ ਦੇ ਆਲੇ ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੇਖੀ ਗਈ। ਜਾਣਕਾਰੀ ਦਿੰਦਿਆਂ ਡੀਐਸਪੀ ਸਿਟੀ ਵਿਸ਼ਵਜੀਤ ਸਿੰਘ ਮਾਨ ਨੇ ਦੱਸਿਆ ਕਿ ਪੁਲਿਸ ਕੰਟਰੋਲ ਰੂਮ 'ਤੇ ਸੂਚਨਾ ਮਿਲੀ ਸੀ ਕਿ ਵਾਦੀ ਹਸਪਤਾਲ ਦੀ ਬੈਕ ਸਾਈਡ ਮਾਲਵੀਆ ਨਗਰ ਵਿੱਚ ਸਵੇਰ ਦੀ ਸੈਰ ਕਰ ਰਹੀ 50 ਸਾਲਾ ਔਰਤ ਦੀ ਸੋਨੇ ਦੀ ਚੇਨ ਖੋਹ ਕੇ ਦੋ ਮੋਟਰਸਾਈਕਲ ਸਵਾਰ ਫਰਾਰ ਹੋ ਗਏ।
ਉਨ੍ਹਾਂ ਵੱਲੋਂ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਲਈ ਜਾ ਰਹੀ ਹੈ, ਜਿਸ ਵਿਚ ਨਜ਼ਰ ਆ ਰਿਹਾ ਹੈ ਕਿ ਇੱਕ ਨੌਜਵਾਨ ਦੇ ਹੱਥ ਵਿੱਚ ਹਥਿਆਰ ਫੜਿਆ ਹੋਇਆ ਹੈ। ਉਨ੍ਹਾਂ ਵੱਲੋਂ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੇ ਅਧਾਰ 'ਤੇ ਮੁਲਜ਼ਮਾਂ ਦੀ ਪਹਿਚਾਣ ਕੀਤੀ ਜਾ ਰਹੀ ਹੈ। ਲੁੱਟ ਦਾ ਸ਼ਿਕਾਰ ਹੋਈ ਔਰਤ ਵੱਲੋਂ ਕਿਹਾ ਜਾ ਰਿਹਾ ਹੈ ਕਿ ਲੁਟੇਰਿਆਂ ਵੱਲੋਂ ਗੋਲੀ ਵੀ ਚਲਾਈ ਗਈ ਸੀ। ਫਿਲਹਾਲ ਉਹ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ ਪੀੜਤਾ ਦੇ ਬਿਆਨ ਦਰਜ ਕਰਕੇ ਮਾਮਲਾ ਦਰਜ ਕੀਤਾ ਜਾ ਰਿਹਾ ਹੈ। ਇਥੇ ਦੱਸਣਯੋਗ ਹੈ ਕਿ ਬਠਿੰਡਾ ਵਿੱਚ ਲਗਾਤਾਰ ਸੈਂਸਿੰਗ ਦੀਆਂ ਘਟਨਾਵਾਂ ਵਿੱਚ ਵਾਧਾ ਹੋ ਰਿਹਾ ਹੈ। ਘੱਲੂਘਾਰਾ ਦਿਵਸ ਦੇ ਚਲਦਿਆਂ ਪੁਲਿਸ ਵੱਲੋਂ ਭਾਵੇਂ ਸਖ਼ਤ ਸੁਰੱਖਿਆ ਪ੍ਰਬੰਧਾਂ ਦੇ ਦਾਅਵੇ ਕੀਤੇ ਜਾਂਦੇ ਹਨ, ਪਰ ਲੁਟੇਰਿਆ ਵੱਲੋਂ ਲਗਾਤਾਰ ਇਨ੍ਹਾਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ।