ਬਠਿੰਡਾ: ਕਰਫ਼ਿਊ ਖੁੱਲ੍ਹਣ ਤੋਂ ਬਾਅਦ ਪੰਜਾਬ ਵਿੱਚ ਮੌਜੂਦ ਲੱਖਾਂ ਪ੍ਰਵਾਸੀ ਮਜ਼ਦੂਰਾਂ ਦੀ ਘਰ ਵਾਪਸੀ ਹੋਈ ਅਤੇ ਬੇਸ਼ੱਕ ਇਸ ਦੇ ਨਾਲ ਪੰਜਾਬ ਵਿੱਚ ਫੈਕਟਰੀਆਂ ਅਤੇ ਖੇਤਾਂ ਵਿੱਚ ਮਜ਼ਦੂਰਾਂ ਦੀ ਕਮੀ ਜਾਪਦੀ ਹੈ ਪਰ ਇਸ ਦੇ ਨਾਲ-ਨਾਲ ਪੰਜਾਬੀ ਮਜ਼ਦੂਰਾਂ ਦਾ ਕਾਫ਼ੀ ਫ਼ਾਇਦਾ ਹੋਇਆ ਹੈ। ਪੰਜਾਬੀ ਮਜ਼ਦੂਰਾਂ ਨੂੰ ਕੰਮ ਮਿਲਣ ਦੇ ਨਾਲ-ਨਾਲ ਔਰਤਾਂ ਵੀ ਉਨ੍ਹਾਂ ਦਾ ਹੱਥ ਵਟਾਉਂਦੀਆਂ ਨਜ਼ਰ ਆ ਰਹੀਆਂ ਹਨ ਅਤੇ ਉਨ੍ਹਾਂ ਨੂੰ ਸੌਖਾ ਰੁਜ਼ਗਾਰ ਮਿਲ ਰਿਹਾ ਹੈ।
ਬਠਿੰਡਾ ਦੀ ਭੁੱਚੋ ਮੰਡੀ ਦੇ ਵਿੱਚ ਕੰਮ ਕਰ ਰਹੇ ਪੰਜਾਬੀ ਮਜ਼ਦੂਰ ਜਸਪਾਲ ਕੌਰ ਦਾ ਕਹਿਣਾ ਹੈ ਕਿ ਲੌਕਡਾਊਨ ਤੋਂ ਬਾਅਦ ਹੁਣ ਉਨ੍ਹਾਂ ਨੂੰ ਰੁਜ਼ਗਾਰ ਮਿਲਣਾ ਸ਼ੁਰੂ ਹੋਇਆ ਹੈ। ਪਹਿਲਾਂ ਪ੍ਰਵਾਸੀ ਮਜ਼ਦੂਰਾਂ ਕਾਰਨ ਉਨ੍ਹਾਂ ਨੂੰ ਰੁਜ਼ਗਾਰ ਨਹੀਂ ਮਿਲਦਾ ਸੀ ਪਰ ਹੁਣ ਔਰਤਾਂ ਨੂੰ ਵੀ ਰੁਜ਼ਗਾਰ ਮਿਲ ਰਿਹਾ ਹੈ ਅਤੇ ਘਰ ਦਾ ਗੁਜ਼ਾਰਾ ਕਰਨ ਦੇ ਵਿੱਚ ਕੋਈ ਔਖ ਨਹੀਂ ਹੁੰਦੀ।
ਮਜ਼ਦੂਰੀ ਦਾ ਕੰਮ ਕਰਨ ਵਾਲੇ ਮੱਘਰ ਸਿੰਘ ਨੇ ਦੱਸਿਆ ਕਿ ਲੌਕਡਾਊਨ ਤੋਂ ਪਹਿਲਾਂ ਪ੍ਰਵਾਸੀ ਮਜ਼ਦੂਰਾਂ ਦੇ ਕਾਰਨ ਪੰਜਾਬੀ ਮਜ਼ਦੂਰਾਂ ਨੂੰ ਕੰਮ ਨਹੀਂ ਸੀ ਮਿਲਦਾ, ਜਿਸ ਕਾਰਨ ਲੋਕਾਂ ਨੂੰ ਗੁਜ਼ਾਰਾ ਕਰਨ ਦੇ ਵਿੱਚ ਵੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ। ਨੌਜਵਾਨ ਵਿਹਲੇ ਰਹਿ ਕੇ ਨਸ਼ਾ ਕਰਦੇ ਸੀ ਪਰ ਪ੍ਰਵਾਸੀ ਮਜ਼ਦੂਰਾਂ ਦੀ ਘਰ ਵਾਪਸੀ ਕਾਰਨ ਕਣਕ ਦੇ ਸੀਜ਼ਨ ਵਿੱਚ ਪੰਜਾਬੀ ਮਜ਼ਦੂਰਾਂ ਨੂੰ ਮੰਡੀਆਂ ਵਿੱਚ ਕੰਮ ਮਿਲ ਰਿਹਾ ਹੈ। ਮੱਘਰ ਸਿੱਘ ਦਾ ਕਹਿਣਾ ਹੈ ਕਿ ਪੰਜਾਬੀ ਮਜ਼ਦੂਰਾਂ ਦੇ ਨਾਲ-ਨਾਲ ਔਰਤਾਂ ਨੂੰ ਵੀ ਰੁਜ਼ਗਾਰ ਮਿਲਿਆ ਹੈ ਔਰਤਾਂ ਆਪਣੇ ਪਤੀ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਰੁਜ਼ਗਾਰ ਕਰ ਰਹੀਆਂ ਹਨ।
ਭੁੱਚੋ ਕਲਾਂ ਦੇ ਰਹਿਣ ਵਾਲੇ ਮਜ਼ਦੂਰ ਬਾਦਲ ਸਿੰਘ ਦਾ ਕਹਿਣਾ ਹੈ ਕਿ ਪ੍ਰਵਾਸੀ ਮਜ਼ਦੂਰਾਂ ਦੇ ਜਾਣ ਤੋਂ ਬਾਅਦ ਕਾਫੀ ਰੁਜ਼ਗਾਰ ਦੇ ਵਿੱਚ ਇਜ਼ਾਫ਼ਾ ਹੋਇਆ ਇਸ ਤੋਂ ਪਹਿਲਾਂ ਜਦੋਂ ਦਿਹਾੜੀ ਦੇ ਲਈ ਲੇਬਰ ਚੌਂਕ ਵਿੱਚ ਖੜ੍ਹਦੇ ਸੀ ਤਾਂ ਕਈ ਵਾਰ ਖਾਲੀ ਹੱਥ ਮੁੜਨਾ ਪੈਂਦਾ ਸੀ ਜਦ ਕਿ ਹੁਣ ਘਰ ਬੈਠਿਆਂ ਨੂੰ ਹੀ ਰੁਜ਼ਗਾਰ ਦੇ ਲਈ ਸੁਨੇਹਾ ਆ ਜਾਂਦਾ ਹੈ।
ਇਸ ਦੇ ਨਾਲ ਹੀ ਹੁਣ ਆਉਣ ਵਾਲੇ ਦਿਨਾਂ ਵਿੱਚ ਝੋਨੇ ਦਾ ਸੀਜ਼ਨ ਸ਼ੁਰੂ ਹੋਣ ਵਾਲਾ ਹੈ ਜਿਸ ਦੇ ਵਿੱਚ ਉਹ ਝੋਨੇ ਦੀ ਬਿਜਾਈ ਵੀ ਕਰਨਗੇ। ਇਸ ਤੋਂ ਪਹਿਲਾਂ ਪ੍ਰਵਾਸੀ ਮਜ਼ਦੂਰਾਂ ਵੱਲੋਂ ਘੱਟ ਰੇਟ ਤੇ ਮਜ਼ਦੂਰੀ ਕਰਕੇ ਪੰਜਾਬੀ ਮਜ਼ਦੂਰਾਂ ਨੂੰ ਰੁਜ਼ਗਾਰ ਨਹੀਂ ਮਿਲਦਾ ਸੀ ਹੁਣ ਰੇਟ ਵੀ ਚੰਗਾ ਮਿਲਦਾ ਹੈ ਅਤੇ ਘਰ ਦਾ ਗੁਜ਼ਾਰਾ ਵੀ ਸੁਖਾਲਾ ਚਲੇਗਾ।