ਬਠਿੰਡਾ: ਪੁਲਿਸ ਨੇ ਏ ਗਰੇਡ ਗੈਂਗਸਟਰ ਰਮਨਦੀਪ ਸਿੰਘ ਉਰਫ ਰੰਮੀ ਮਛਾਣਾ ਜੋ ਕਿ ਪਟਿਆਲਾ ਜੇਲ੍ਹ ਵਿੱਚ 20 ਸਾਲ ਦੀ ਕੈਦ ਦੀ ਸਜ਼ਾ ਕੱਟ ਰਿਹਾ ਹੈ ਦੀ ਨਿਸ਼ਾਨਦੇਹੀ ’ਤੇ ਵੱਡੀ ਗਿਣਤੀ ਵਿੱਚ ਅਸਲਾ ਬਰਾਮਦ ਕੀਤਾ ਹੈ। ਦੱਸ ਦਈਏ ਕਿ ਪੁਲਿਸ ਨੇ ਪਹਿਲਾਂ ਹੀ ਗੈਂਗਸਟਰ ਰਮਨਦੀਪ ਸਿੰਘ ਉਰਫ ਰੰਮੀ ਮਛਾਣਾ ਨੂੰ ਕਾਬੂ ਕਰ ਲਿਆ ਸੀ ਜਿਸ ਤੋਂ ਬਾਅਦ ਪੁਲਿਸ ਵੱਲੋਂ ਲਗਾਤਾਰ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਸੀ। ਇਸੇ ਪੁੱਛਗਿੱਛ ਦੌਰਾਨ ਪੁਲਿਸ ਨੂੰ ਇਹ ਵੱਡੀ ਜਾਣਕਾਰੀ ਹਾਸਿਲ ਹੋਈ।
ਗੈਂਗਸਟਰ ਨੂੰ ਲਿਆਂਦਾ ਗਿਆ ਸੀ ਪ੍ਰੋਡਕਸ਼ਨ ਰਿਮਾਂਡ ’ਤੇ
ਆਈਜੀ ਬਠਿੰਡਾ ਰੇਂਜ ਜਸਕਰਨ ਸਿੰਘ ਨੇ ਦੱਸਿਆ ਕਿ ਸੀਆਈਏ ਸਟਾਫ ਦੇ ਇੰਚਾਰਜ ਜਸਵੀਰ ਸਿੰਘ ਨੇ ਟੈਕਨੀਕਲ ਸਹਾਇਤਾ ਨਾਲ ਉਸ ਸਥਾਨ ਨੂੰ ਟਰੇਸ ਕੀਤਾ ਜਿਸ ਬਾਰੇ ਗੈਂਗਸਟਰ ਰਮਨਦੀਪ ਸਿੰਘ ਉਰਫ ਰੰਮੀ ਮਛਾਣਾ ਨੇ ਦੱਸਿਆ ਸੀ। ਉਸ ਦੀ ਨਿਸ਼ਾਨਦੇਹੀ ’ਤੇ ਜਦੋ ਪੁਲਿਸ ਦੀ ਟੀਮ ਨੇ ਛਾਪੇਮਾਰੀ ਕੀਤੀ ਤਾਂ ਤਿੰਨ ਹਥਿਆਰ ਬਰਾਮਦ ਕੀਤੇ ਗਈ। ਰੰਮੀ ਮਛਾਣਾ ਦੀ ਜਾਣਕਾਰੀ ’ਤੇ ਹੀ ਹਰਿਆਣਾ ਵਾਸੀ ਜਗਸੀਰ ਸਿੰਘ ਜੱਗਾ ਨੂੰ ਹਥਿਆਰ ਸਣੇ ਗ੍ਰਿਫਤਾਰ ਕੀਤਾ ਨਾਲ ਹੀ ਉਸ ਕੋਲੋਂ ਨਾਜਾਇਜ਼ ਹਥਿਆਰ ਅਤੇ ਇੱਕ ਗੱਡੀ ਬਰਾਮਦ ਕੀਤੀ ਗਈ। ਆਈਜੀ ਜਸਕਰਨ ਸਿੰਘ ਨੇ ਦੱਸਿਆ ਕਿ ਇਹ ਅਸਲਾ ਯੂਪੀ ਤੋਂ ਲਿਆਂਦਾ ਗਿਆ ਸੀ ਅਤੇ ਇਨ੍ਹਾਂ ਵੱਲੋਂ ਵੱਖ ਵੱਖ ਵਾਰਦਾਤਾਂ ਵਿਚ ਇਸਤੇਮਾਲ ਕੀਤਾ ਜਾਣਾ ਸੀ। ਰੰਮੀ ਇੱਕ ਨਵਾਂ ਗੈਂਗ ਬਣਾਉਣ ਜਾ ਰਿਹਾ ਸੀ ਜੇਲ੍ਹ ਵਿੱਚੋਂ ਹੀ ਉਹ ਇਸ ਨੂੰ ਆਪਰੇਟ ਕਰ ਰਿਹਾ ਸੀ।
ਇਹ ਵੀ ਪੜੋ: ਕਰਜ਼ੇ ਤੋਂ ਪ੍ਰੇਸ਼ਾਨ ਹੋ ਪਿੰਡ ਸੇਖੂ ਦੇ ਨੌਜਵਾਨ ਕਿਸਾਨ ਨੇ ਕੀਤੀ ਖੁਦਕੁਸ਼ੀ
ਇਸ ਤੋਂ ਪਹਿਲਾਂ ਫੜੇ ਗਏ ਸਨ ਤਿੰਨ ਨੌਜਵਾਨ
ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਤਿੰਨ ਨੌਜਵਾਨ ਫੜੇ ਗਏ ਸਨ ਜਿਨ੍ਹਾਂ ਕੋਲੋਂ ਦੋ ਪਿਸਟਲ ਬਰਾਮਦ ਹੋਏ ਸਨ। ਜਿਨ੍ਹਾਂ ਦੀ ਜਾਣਕਾਰੀ ’ਤੇ ਹੀ ਰਮਨਦੀਪ ਸਿੰਘ ਰੰਮੀ ਮਛਾਣਾ ਨੂੰ ਰਿਮਾਂਡ ’ਤੇ ਲਿਆ ਗਿਆ ਸੀ।