ਬਠਿੰਡਾ: ਸਬ ਡਵੀਜਨ ਤਲਵੰਡੀ ਸਾਬੋ ਦੇ ਪਿੰਡ ਜੀਵਨ ਸਿੰਘ ਵਾਲਾ ਵਿਖੇ ਪਿਛਲੇ ਸਮੇਂ ਦੌਰਾਨ 8 ਨੌਜਵਾਨਾਂ ਦੀ ਚਿੱਟੇ ਨਾਲ ਹੋਈ ਮੌਤ ਤੋਂ ਪ੍ਰੇਸ਼ਾਨ ਪਿੰਡ ਵਾਸੀਆਂ ਨੇ ਸਰਕਾਰ ਤੇ ਪੁਲਿਸ ਖ਼ਿਲ਼ਾਫ ਮੋਰਚਾ ਖੋਲ੍ਹ ਦਿੱਤਾ ਹੈ। ਪਿੰਡ ਵਾਸੀਆਂ ਨੇ ਵੱਡਾ ਇੱਕਠ ਕਰਕੇ ਸਰਕਾਰ ਤੇ ਪੁਲਿਸ ਨੂੰ ਤਿੰਨ ਦਿਨਾਂ ਵਿੱਚ ਪਿੰਡ ਵਿੱਚੋਂ ਨਸ਼ਾ ਬੰਦ ਕਰਨ ਦਾ ਸਮਾਂ ਦਿੱਤਾ ਹੈ ਜਿਸ ਤੋਂ ਬਾਅਦ ਸੜਕਾਂ ਜਾਮ ਕਰਨ ਦੀ ਚਿਤਾਵਨੀ ਗਈ ਹੈ।
ਇਕੱਠੇ ਹੋਏ ਲੋਕਾਂ ਨੇ ਪੁਲਿਸ ਦੀ ਕਾਰਗੁਜ਼ਾਰੀ ਉੱਪਰ ਵੀ ਵੱਡੇ ਸਵਾਲ ਚੁੱਕੇ ਹਨ। ਪਿੰਡਵਾਸੀਆਂ ਨੇ ਕਿਹਾ ਕਿ ਪੁਲਿਸ ਨਸ਼ਾ ਵੇਚਣ ਵਾਲਿਆਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਕਈ ਵਾਰ ਪੁਲਿਸ ਕੋਲ ਸ਼ਿਕਾਇਤਾਂ ਕਰ ਚੁੱਕੇ ਹਨ ਪਰ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ।
ਪਿੰਡ ਦੀਆਂ ਮਹਿਲਾਵਾਂ ਨੇ ਕਿਹਾ ਕਿ ਉਨ੍ਹਾਂ ਦੇ ਪਿੰਡ ਦੇ ਕਈ ਨੌਜਵਾਨਾਂ ਦੀ ਨਸ਼ੇ ਕਾਰਨ ਮੌਤ ਹੋ ਚੁੱਕੀ ਹੈ ਅਤੇ ਇਹ ਗਿਣਤੀ ਲਗਾਤਾਰ ਵਧ ਰਹੀ ਹੈ। ਉਨ੍ਹਾਂ ਕਿਹਾ ਕਿ ਨਸ਼ੇ ਦੇ ਇਸ ਕਹਿਰ ਕਾਰਨ ਲੋਕਾਂ ਵਿੱਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਉਨ੍ਹਾਂ ਸਰਕਾਰ ਤੇ ਪੁਲਿਸ ਤੋਂ ਇੱਕੋ ਮੰਗ ਕੀਤੀ ਕਿ ਉਨ੍ਹਾਂ ਦੇ ਪਿੰਡ ਵਿੱਚੋਂ ਨਸ਼ਾ ਖਤਮ ਕੀਤਾ ਜਾਵੇ ਅਤੇ ਉਨ੍ਹਾਂ ਨੂੰ ਸਰਕਾਰ ਤੋਂ ਹੋਰ ਕੁਝ ਵੀ ਨਹੀਂ ਚਾਹੀਦਾ।
ਇਹ ਵੀ ਪੜ੍ਹੋ: ਜਥੇਦਾਰ ਦੇ ਹਥਿਆਰਾਂ ਵਾਲੇ ਬਿਆਨ ’ਤੇ ਖੜੇ ਹੋਏ ਸਵਾਲ, ਮੰਗਿਆ ਸਪੱਸ਼ਟੀਕਰਨ !