ਬਠਿੰਡਾ: ਬਸੰਤ ਪੰਚਮੀ ਦਾ ਤਿਉਹਾਰ ਲੱਗ ਜਾਣ ਦੇ ਬਾਵਜੂਦ ਬਠਿੰਡਾ ਵਿੱਚ ਚਾਈਨਾ ਡੋਰ ਦਾ ਕਹਿਰ ਰੁੱਕਣ ਦਾ ਨਾਮ ਨਹੀਂ ਲੈ ਰਿਹਾ। ਅੱਜ ਸ਼ੁੱਕਰਵਾਰ ਨੂੰ ਬਠਿੰਡਾ ਦੇ ਦੁੱਗਲ ਪੈਲੇਸ ਨੇੜੇ ਰਾਹਗੀਰ ਰਾਜ ਕੁਮਾਰ ਵਾਸੀ ਪੂਜਾ ਵਾਲਾ ਮੁਹੱਲਾ ਦੇ ਗਲ ਵਿੱਚ ਚਾਈਨਾ ਡੋਰ ਪੈ ਗਈ, ਜਿਸ ਕਾਰਨ ਰਾਹਗੀਰ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਜਿਸ ਨੂੰ ਇਲਾਜ ਲਈ ਸਮਾਜ ਸੇਵੀ ਸੰਸਥਾ ਵੱਲੋਂ ਸਰਕਾਰੀ ਹਸਪਤਾਲ ਬਠਿੰਡਾ ਵਿੱਚ ਲਿਆਂਦਾ ਗਿਆ।
ਰਾਜ ਕੁਮਾਰ ਚਾਈਨਾ ਡੋਰ ਕਾਰਨ ਗੰਭੀਰ ਜ਼ਖਮੀ:- ਇਸ ਦੌਰਾਨ ਜ਼ਖਮੀ ਰਾਹਗੀਰ ਰਾਜ ਕੁਮਾਰ ਦੇ ਭਰਾ ਨੇ ਦੱਸਿਆ ਕਿ ਉਸ ਨੂੰ ਸੂਚਨਾ ਮਿਲੀ ਸੀ ਕਿ ਉਸ ਦੇ ਭਰਾ ਰਾਜ ਕੁਮਾਰ ਦੇ ਗਲ ਵਿੱਚ ਚਾਈਨਾ ਡੋਰ ਪੈਣ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ। ਉਹ ਜਦੋਂ ਘਟਨਾ ਸਥਾਨ ਉੱਤੇ ਪਹੁੰਚਿਆ ਤਾਂ ਉਸਦੇ ਭਰਾ ਨੂੰ ਸਮਾਜ ਸੇਵੀ ਸੰਸਥਾ ਵੱਲੋਂ ਐਂਬੂਲੈਂਸ ਵਿਚ ਪਾਇਆ ਜਾ ਰਿਹਾ ਸੀ। ਰਾਜ ਕੁਮਾਰ ਦੇ ਭਰਾ ਨੇ ਕਿਹਾ ਕਿ ਜ਼ਖਮ ਬਹੁਤ ਡੂੰਘਾ ਹੈ, ਫਿਲਹਾਲ ਹਸਪਤਾਲ ਵਿੱਚ ਇਲਾਜ ਜਾਰੀ ਹੈ।
ਸਮਾਜ ਸੇਵੀ ਸੰਸਥਾ ਨੂੰ ਕੰਟਰੋਲ ਰੂਮ ਉੱਤੇ ਸੂਚਨਾ ਮਿਲੀ:- ਇਸ ਦੌਰਾਨ ਹੀ ਸਮਾਜ ਸੇਵੀ ਸੰਸਥਾ ਦੇ ਆਗੂ ਸਤਨਾਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਕੰਟਰੋਲ ਰੂਮ ਉੱਤੇ ਸੂਚਨਾ ਮਿਲੀ ਸੀ ਕਿ ਇੱਕ ਰਾਹਗੀਰ ਦੇ ਗਲੇ ਵਿੱਚ ਚਾਈਨਾ ਡੋਰ ਪੈਣ ਕਾਰਨ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਹੈ। ਉਨ੍ਹਾਂ ਵੱਲੋਂ ਤੁਰੰਤ ਘਟਨਾ ਸਥਾਨ ਉੱਤੇ ਪਹੁੰਚ ਕੇ ਉਸ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਲਿਆਂਦਾ ਗਿਆ। ਜਿੱਥੇ ਡਾਕਟਰਾਂ ਵੱਲੋਂ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ।
ਡਾਕਟਰ ਮੁਤਾਬਕ ਇਲਾਜ ਜਾਰੀ:- ਉਧਰ ਦੂਸਰੇ ਪਾਸੇ ਸਰਕਾਰੀ ਹਸਪਤਾਲ ਦੀ ਐਮਰਜੈਂਸੀ ਵਿੱਚ ਤਾਇਨਾਤ ਡਾਕਟਰ ਦਾ ਕਹਿਣਾ ਹੈ ਕਿ ਜ਼ਖਮੀ ਦਾ ਇਲਾਜ ਕੀਤਾ ਜਾ ਰਿਹਾ ਹੈ। ਜ਼ਖ਼ਮ ਡੂੰਘਾ ਹੋਣ ਕਾਰਨ ਉਹਨਾਂ ਵੱਲੋਂ ਆਈ ਸਪੈਸ਼ਲਿਸਟ ਡਾਕਟਰ ਨੂੰ ਬੁਲਾਇਆ ਗਿਆ ਹੈ। ਤਾਂ ਜੋ ਕਿਸੇ ਤਰ੍ਹਾਂ ਦੀ ਨਾੜ ਨਾ ਕੱਟੀ ਗਈ ਹੋਵੇ ਅਤੇ ਸਹੀ ਇਲਾਜ ਕੀਤਾ ਜਾ ਸਕੇ।
ਇਹ ਵੀ ਪੜੋ:- ਬਸੰਤ ਪੰਚਮੀ 'ਤੇ ਪਤੰਗਬਾਜ਼ੀ ਦੇ ਸ਼ੌਕੀਨ ਹੋ ਜਾਣ ਸਾਵਧਾਨ, ਚਾਈਨਾ ਡੋਰ ਵਰਤੀ ਤਾਂ ਹੋਵੇਗਾ ਇਹ ਐਕਸ਼ਨ