ਬਠਿੰਡਾ: ਪ੍ਰਾਈਵੇਟ ਬੱਸ ਦੇ ਕੰਡਕਟਰ ਵੱਲੋਂ ਬਠਿੰਡਾ ਵਿਖੇ ਖਾਸ ਰਿਆਇਤ ਦਿੰਦੇ ਹੋਏ ਦੋ ਵਿਅਕਤੀਆਂ ਨਾਲ ਇੱਕ ਔਰਤ ਨੂੰ ਮੁਫ਼ਤ ਸਫ਼ਰ ਕਰਨ ਦੀ ਰਿਆਇਤ ਦਾ ਐਲਾਨ ਕੀਤਾ ਗਿਆ। ਇਸ ਐਲਾਨ ਤੋਂ ਬਾਅਦ ਪ੍ਰਾਈਵੇਟ ਬੱਸ ਅਪ੍ਰੇਟਰਾਂ ਨੇ ਇਨ੍ਹਾਂ ਖ਼ਬਰਾਂ ਦਾ ਖੰਡਨ ਕਰਦੇ ਹੋਏ ਕਿਹਾ ਗਿਆ ਕਿ ਇਹ ਉਸ ਦਾ ਨਿੱਜੀ ਫੈਸਲਾ ਹੈ। ਬੱਸ ਅਪ੍ਰੇਟਰ ਯੂਨੀਅਨ ਵੱਲੋਂ ਕਿਸੇ ਤਰ੍ਹਾਂ ਦਾ ਕੋਈ ਵੀ ਅਜਿਹਾ ਫ਼ੈਸਲਾ ਨਹੀਂ ਲਿਆ ਗਿਆ।
ਪ੍ਰਾਈਵੇਟ ਬੱਸ ਅਪ੍ਰੇਟਰ ਯੂਨੀਅਨ ਦੇ ਪ੍ਰਧਾਨ ਨਰਪਿੰਦਰ ਸਿੰਘ ਜਲਾਲ ਨੇ ਕਿਹਾ ਕਿ ਮੀਡੀਆ 'ਚ ਆਈਆਂ ਖ਼ਬਰਾਂ ਨਿਰਾਧਾਰ ਨਹੀਂ, ਸਗੋਂ ਇਹ ਸਿਰਫ਼ ਇੱਕ ਬੱਸ ਕੰਡਕਟਰ ਵੱਲੋਂ ਅਜਿਹਾ ਕੀਤਾ ਹੈ। ਉਨ੍ਹਾਂ ਕਿਹਾ ਕਿ ਮਿੰਨੀ ਪ੍ਰਾਈਵੇਟ ਬੱਸ ਅਪ੍ਰੇਟਰਾਂ ਵੱਲੋਂ 9 ਅਪ੍ਰੈਲ ਨੂੰ ਚੰਡੀਗੜ੍ਹ ਵਿਖੇ ਇੱਕ ਰੋਸ ਪ੍ਰਦਰਸ਼ਨ ਕੀਤਾ ਜਾਣਾ ਸੀ, ਜਿਸ ਵਿੱਚ ਸਮੂਹ ਸਟਾਫ ਵੱਲੋਂ ਭਾਗ ਲਿਆ ਜਾਣਾ ਸੀ ਅਤੇ ਚੰਡੀਗੜ੍ਹ ਵਿਖੇ ਇੱਕ ਬੱਸ ਨੂੰ ਅਗਨ ਭੇਂਟ ਕੀਤਾ ਜਾਣਾ ਸੀ ਪਰ ਟਰਾਂਸਪੋਰਟ ਮੰਤਰੀ ਵੱਲੋਂ ਐਸੋਸੀਏਸ਼ਨ ਨੂੰ ਟਾਈਮ ਦੇਣ ਤੋਂ ਬਾਅਦ ਇਹ ਪ੍ਰੋਗਰਾਮ ਰੱਦ ਕਰ ਦਿੱਤਾ ਗਿਆ ਹੈ।
ਪ੍ਰਾਈਵੇਟ ਬੱਸ ਵਿਚ ਰਿਆਇਤ ਦੇਣ ਦੇ ਮਾਮਲੇ ਵਿੱਚ ਬੱਸ ਮਾਲਕ ਬਲਤੇਜ ਸਿੰਘ ਨੇ ਕਿਹਾ ਕਿ ਅਜਿਹਾ ਕੋਈ ਵੀ ਫ਼ੈਸਲਾ ਨਹੀਂ ਕੀਤਾ ਗਿਆ। ਜੇਕਰ ਅਜਿਹਾ ਕੋਈ ਫ਼ੈਸਲਾ ਉਨ੍ਹਾਂ ਦੇ ਕੰਡਕਟਰ ਵੱਲੋਂ ਕੀਤਾ ਗਿਆ ਹੈ ਤਾਂ ਉਸ ਨੂੰ ਹਦਾਇਤ ਵੀ ਕੀਤੀ ਹੈ ਕਿ ਅਜਿਹੀਆਂ ਅਫ਼ਵਾਹਾਂ ਨਾ ਫੈਲਾਈਆਂ ਜਾਣ।
ਉਧਰ, ਦੂਸਰੇ ਪਾਸੇ ਬੱਸ ਕੰਡਕਟਰ ਦਾ ਕਹਿਣਾ ਹੈ ਕਿ ਉਸ ਪਾਸ 8 ਬੱਸਾਂ ਠੇਕੇ 'ਤੇ ਹਨ। ਪੰਜਾਬ ਸਰਕਾਰ ਵੱਲੋਂ ਔਰਤਾਂ ਨੂੰ ਮੁਫ਼ਤ ਬੱਸ ਸਫਰ ਦੀ ਦਿੱਤੀ ਗਈ ਸਹੂਲਤ ਤੋਂ ਬਾਅਦ ਪ੍ਰਾਈਵੇਟ ਬੱਸਾਂ ਖਾਲੀ ਸਫ਼ਰ ਤੈਅ ਕਰਦੀਆਂ ਹਨ, ਜਿਸ ਦੇ ਚਲਦਿਆਂ ਉਨ੍ਹਾਂ ਵੱਲੋਂ ਦੋ ਵਿਅਕਤੀਆਂ ਨਾਲ ਇੱਕ ਔਰਤ ਨੂੰ ਮੁਫ਼ਤ ਬੱਸ ਸਫ਼ਰ ਦੀ ਸਹੂਲਤ ਦਿੱਤੀ ਗਈ ਹੈ ਤਾਂ ਜੋ ਚੱਲ ਰਹੇ ਘਾਟੇ ਵਿਚੋਂ ਨਿਕਲ ਸਕਣ।