ਬਠਿੰਡਾ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿੱਚ ਵੱਡੀ ਗਿਣਤੀ ਵਿੱਚ ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲਾਂ 'ਚ ਬਦਲਣ ਦਾ ਦਾਅਵਾ ਕੀਤਾ ਗਿਆ ਪਰ ਅਜੇ ਵੀ ਪੰਜਾਬ ਦੇ ਬਹੁਤ ਸਾਰੇ ਸਕੂਲ ਅਜਿਹੇ ਹਨ ਜਿਨ੍ਹਾਂ ਦੀਆਂ ਇਮਾਰਤਾਂ ਅਸੁਰੱਖਿਅਤ ਐਲਾਨੀਆਂ ਗਈਆਂ ਹਨ ਜਾਂ ਇਹ ਸਰਕਾਰੀ ਸਕੂਲ ਮੁੱਢਲੀਆਂ ਸਹੂਲਤਾਂ ਤੋਂ ਸੱਖਣੇ ਹਨ। ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚਿੰਨ੍ਹ (ਲੋਗੋ) ਨੂੰ 'ਫੈਲੇ ਵਿੱਦਿਆ ਚਾਨਣ ਹੋਏ' ਨਾਲ ਪ੍ਰਭਾਸ਼ਿਤ ਕੀਤਾ ਜਾਂਦਾ ਹੈ ਪਰ ਬਠਿੰਡਾ ਦੇ ਸਰਕਾਰੀ ਪ੍ਰਾਇਮਰੀ (ਸਮਾਰਟ) ਸਕੂਲ ਵਿੱਚ ਚਾਨਣ ਤਾਂ ਨਜ਼ਰ ਹੀ ਨਹੀਂ ਆ ਰਿਹਾ ਹੈ।
ਬਠਿੰਡਾ ਦੇ ਸੰਜੇ ਨਗਰ ਵਿੱਚ ਸਥਿਤ ਸਰਕਾਰੀ ਪ੍ਰਾਇਮਰੀ (ਸਮਾਰਟ) ਸਕੂਲ ਦੀ ਪਿਛਲੇ ਦੋ ਹਫ਼ਤਿਆਂ ਤੋਂ ਬਿਜਲੀ ਹੀ ਨਹੀਂ ਹੈ। ਸਕੂਲ ਦੇ ਅਧਿਆਪਿਕਾਂ ਦਾ ਕਹਿਣਾ ਹੈ ਕਿ ਸਿੱਖਿਆ ਵਿਭਾਗ ਵੱਲੋਂ ਬਿਜਲੀ ਦਾ ਬਿੱਲ ਨਹੀਂ ਭਰਿਆ ਗਿਆ ਜਿਸ ਕਰਕੇ ਬਿਜਲੀ ਵਿਭਾਗ ਵੱਲੋਂ ਸਕੂਲ ਦੀ ਬਿਜਲੀ ਦਾ ਕੁਨੈਕਸ਼ਨ ਕੱਟ ਦਿੱਤਾ ਗਿਐ ਹੈ ਤੇ ਆਲਮ ਇਹ ਹੈ ਕਿ ਹੁਣ ਬੱਚੇ ਹਨ੍ਹੇਰੇ ਵਿੱਚ ਪੜ੍ਹਨ ਲਈ ਮਜ਼ਬੂਰ ਹਨ। ਸਕੂਲ ਸਟਾਫ਼ ਦਾ ਕਹਿਣਾ ਹੈ ਕਿ ਉਹ ਕੁਝ ਨਹੀਂ ਕਰ ਸਕਦੇ ਤੇ ਇਸ ਬਾਰੇ ਜਾਣਕਾਰੀ ਅਧਿਕਾਰੀਆਂ ਨੂੰ ਦੇ ਦਿੱਤੀ ਗਈ ਹੈ।
ਸੂਬੇ ਵਿੱਚ ਕੈਪਟਨ ਸਰਕਾਰ ਜਿੱਥੇ ਸਮਾਰਟ ਸਕੂਲ ਦੀ ਗੱਲ ਕਰ ਰਹੀ ਹੈ ਉੱਥੇ ਹੀ ਸਕੂਲਾਂ ਵਿੱਚ ਬੁਨਿਆਦੀ ਸਹੂਲਤਾਂ ਵਿਦਿਆਰਥੀਆਂ ਨੂੰ ਨਹੀਂ ਮਿਲ ਰਹੀਆਂ। ਜ਼ਿਕਰਯੋਗ ਹੈ ਕਿ ਇਹ ਸਕੂਲ ਨਗਰ ਨਿਗਮ ਦੇ ਮੇਅਰ ਬਲਵੰਤ ਰਾਏ ਨਾਥ ਦੇ ਵਾਰਡ ਵਿੱਚ ਪੈਂਦਾ ਹੈ। ਪ੍ਰਾਇਮਰੀ ਸਕੂਲ ਤੋਂ ਇਲਾਵਾ ਇਸ ਦੇ ਨਾਲ ਸੀਨੀਅਰ ਸੈਕੰਡਰੀ ਸਕੂਲ ਦੀ ਇਮਾਰਤ ਵੀ ਸਾਂਝੀ ਹੈ। ਇਸ ਸਕੂਲ ਵਿੱਚ ਕਰੀਬ ਇੱਕ ਹਜ਼ਾਰ ਬੱਚੇ ਸਿੱਖਿਆ ਹਾਸਿਲ ਕਰਨ ਲਈ ਹਰ ਰੋਜ਼ ਆਉਂਦੇ ਹਨ। ਈਟੀਵੀ ਭਾਰਤ ਵੱਲੋਂ ਜਦੋਂ ਇਸ ਸਕੂਲ ਦਾ ਦੌਰਾ ਕੀਤਾ ਗਿਆ ਤਾਂ ਦੇਖਿਆ ਗਿਆ ਕਿ ਬੱਚੇ ਅਣਸੁਰੱਖਿਅਤ ਬਿਲਡਿੰਗ ਵਿੱਚ ਹਨੇਰੇ ਦੇ ਮਾਹੌਲ ਵਿੱਚ ਪੜ੍ਹਨ ਲਈ ਮਜ਼ਬੂਰ ਹਨ।
ਜਦੋਂ ਇਸ ਸਬੰਧੀ ਸਕੂਲ ਦੀ ਮੁੱਖ ਅਧਿਆਪਕਾ ਬਲਜੀਤ ਰਾਣੀ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਬਿਜਲੀ ਦਾ ਬਿੱਲ 70 ਹਜ਼ਾਰ ਤੋਂ ਜ਼ਿਆਦਾ ਹੋਣ ਕਰਕੇ ਬਿਜਲੀ ਬੋਰਡ ਨੇ ਉਨ੍ਹਾਂ ਦਾ ਬਿਜਲੀ ਦਾ ਕੁਨੈਕਸ਼ਨ ਕੱਟ ਦਿੱਤਾ ਹੈ। ਇਸ ਲਈ ਇਸ ਤਰ੍ਹਾਂ ਦੇ ਹਾਲਾਤ ਪੈਦਾ ਹੋਏ ਹਨ ਕਿ ਉਹ ਵਿਦਿਆਰਥੀਆਂ ਦੀ ਹਾਜ਼ਰੀ ਹਨ੍ਹੇਰੇ ਵਿੱਚ ਬੈਠ ਕੇ ਲਗਾ ਰਹੇ ਹਨ। ਆਉਣ ਵਾਲੇ ਸਮੇਂ ਵਿੱਚ ਗਰਮੀ ਵਧੇਗੀ ਅਤੇ ਬਿਨਾਂ ਪੱਖਿਆਂ ਤੋਂ ਬੱਚੇ ਪੜ੍ਹ ਨਹੀਂ ਸਕਣਗੇ।
ਜ਼ਿਲ੍ਹਾ ਸਿੱਖਿਆ ਵਿਭਾਗ ਦੇ ਅਧਿਕਾਰੀ ਹਰਦੀਪ ਸਿੰਘ ਤੱਗੜ ਦਾ ਕਹਿਣਾ ਹੈ ਕਿ ਬਿਜਲੀ ਦਾ ਬਿੱਲ ਨਾ ਭਰਨ ਕਾਰਨ ਇਸ ਤਰ੍ਹਾਂ ਦੇ ਹਲਾਤ ਪੈਦਾ ਹੋਏ ਹਨ। ਉਨ੍ਹਾਂ ਨੇ ਇਸ ਬਾਰੇ ਸਿੱਖਿਆ ਵਿਭਾਗ ਨੂੰ ਜਾਣਕਾਰੀ ਦੇ ਦਿੱਤੀ ਹੈ। ਉਮੀਦ ਜਤਾਈ ਜਾ ਰਹੀ ਹੈ ਕਿ ਜਲਦ ਹੀ ਬਿਜਲੀ ਦਾ ਬਿਲ ਭਰਨ ਲਈ ਗ੍ਰਾਂਟ ਆ ਜਾਵੇਗੀ।
ਇਹ ਵੀ ਪੜ੍ਹੋ:ਕੈਪਟਨ ਸਰਕਾਰ ਦਾ ਬਗ਼ੈਰ ਕਮਰਿਆਂ ਵਾਲਾ ਸਕੂਲ