ਬਠਿੰਡਾ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਦੇਹਾਂਤ ਤੋਂ ਬਾਅਦ ਪੰਜਾਬ ਦੀਆਂ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਵੱਲੋਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਜਾ ਰਿਹਾ ਹੈ। ਜਿੱਥੇ ਪਿੰਡ ਲੰਬੀ ਬੀਤੇ ਦਿਨ ਅਤੇ ਹੋਰ ਰਾਜਾਂ ਤੋਂ ਪਤਵੰਤੇ ਅਤੇ ਆਗੂ ਉਨ੍ਹਾਂ ਦੇ ਪਿੰਡ ਬਾਦਲ ਵਿਖੇ ਉਨ੍ਹਾਂ ਦੇ ਘਰ ਦੁੱਖ ਪ੍ਰਗਟ ਕਰਨ ਲਈ ਪਹੁੰਚ ਰਹੇ ਹਨ। ਉਥੇ ਹੀ, ਅੱਜ ਕਾਂਗਰਸ ਦੇ ਸਾਬਕਾ ਪੰਜਾਬ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੀ ਪਿੰਡ ਬਾਦਲ ਪਹੁੰਚੇ, ਜਿੱਥੇ ਉਨ੍ਹਾਂ ਨੇ ਮਰਹੂਮ ਪਰਕਾਸ਼ ਸਿੰਘ ਬਾਦਲ ਦੇ ਦੇਹਾਂਤ 'ਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਕਾਂਗਰਸ ਦੇ ਸੀਨੀਅਰ ਲੀਡਰ ਨਵਜੋਤ ਸਿੰਘ ਸਿੱਧੂ ਅੱਜ ਮਰਹੂਮ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਦੀ ਮੌਤ ਤੋਂ ਬਾਅਦ ਬਾਦਲ ਪਰਿਵਾਰ ਨਾਲ ਅਫ਼ਸੋਸ ਜ਼ਾਹਿਰ ਕਰਦਿਆਂ ਕਿਹਾ ਕਿ ਮਾਂ-ਪਿਓ ਦਾ ਦੁਨੀਆਂ ਤੋਂ ਤੁਰ ਜਾਣਾ ਬਹੁਤ ਮਾੜਾ ਹੈ।
ਮਨ-ਮੁਟਾਅ ਸੀ, ਉਹ ਵੀ ਉਨ੍ਹਾਂ ਦੀ ਚਿਖਾ ਨਾਲ ਹੀ ਖ਼ਤਮ ਕਰ ਦਿੱਤੇ: ਇਸ ਮੌਕੇ ਨਵਜੋਤ ਸਿੱਧੂ ਨੇ ਕਿਹਾ ਕਿ ਇਹ ਦੁੱਖ ਕਦੇ ਨਹੀਂ ਸਹਾਰਿਆ ਜਾ ਸਕਦਾ। ਕਿਹਾ ਕਿ, 'ਮੈਂ ਜਦ ਆਪਣੇ ਪਿਤਾ ਨੂੰ ਗਵਾਇਆ ਸੀ ਤਾਂ ਉਨ੍ਹਾਂ ਤੋਂ ਬਰਦਾਸ਼ਤ ਨਹੀਂ ਹੋਇਆ ਸੀ, ਇਸ ਕਰਕੇ ਅੱਜ ਸੁਖਬੀਰ ਬਾਦਲ ਦਾ ਦੁੱਖ ਸਮਝਦੇ ਹਨ। ਇਸ ਦੇ ਨਾਲ ਹੀ, ਉਨ੍ਹਾਂ ਕਿਹਾ ਕਿ ਮੈਂ ਬਹੁਤ ਵਕਤ ਉਨ੍ਹਾਂ ਨਾਲ ਹੰਢਾਇਆ ਹੈ, ਜੋ ਵੀ ਸਰਦਾਰ ਬਾਦਲ ਨਾਲ ਕੋਈ ਛੋਟਾ ਮੋਟਾ ਮਨਮੁਟਾਓ ਸੀ ਉਹ ਵੀ ਉਨ੍ਹਾਂ ਦੀ ਚਿਖਾ ਨਾਲ ਹੀ ਖ਼ਤਮ ਕਰ ਦਿੱਤੇ ਹਨ। ਪਰਮਾਤਮਾ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ। ਜ਼ਿਕਰਯੋਗ ਹੈ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਦੇ ਦੇਹਾਂਤ ਤੋਂ ਬਾਅਦ ਪੰਜਾਬ ਅਤੇ ਹੋਰ ਰਾਜਾਂ ਤੋਂ ਪਤਵੰਤੇ ਅਤੇ ਆਗੂ ਉਨ੍ਹਾਂ ਦੇ ਪਿੰਡ ਬਾਦਲ ਵਿਖੇ ਉਨ੍ਹਾਂ ਦੇ ਘਰ ਦੁੱਖ ਪ੍ਰਗਟ ਕਰਨ ਲਈ ਪਹੁੰਚ ਰਹੇ ਹਨ। ਸ਼ਨੀਵਾਰ ਨੂੰ ਯੂਪੀ ਦੇ ਸਾਬਕਾ ਸੀਐਮ ਅਖਿਲੇਸ਼ ਯਾਦਵ, ਕਾਂਗਰਸ ਦੇ ਸਾਬਕਾ ਸੰਸਦ ਅਤੇ ਮਸ਼ਹੂਰ ਉਦਯੋਗਪਤੀ ਨਵੀਨ ਜਿੰਦਲ ਅਤੇ ਆਲ ਇੰਡੀਆ ਐਂਟੀ ਟੈਰੋਰਿਸਟ ਫਰੰਟ ਦੇ ਮੁਖੀ ਮਨਜਿੰਦਰ ਸਿੰਘ ਬਿੱਟਾ ਦੁੱਖ ਪ੍ਰਗਟ ਕਰਨ ਲਈ ਪਹੁੰਚੇ।
ਇਹ ਵੀ ਪੜ੍ਹੋ : Ludhiana Gas Leak: ਲੁਧਿਆਣਾ ਗੈਸ ਲੀਕ ਪੀੜਤਾਂ ਲਈ ਸਰਕਾਰ ਨੇ ਕੀਤਾ ਵੱਡਾ ਐਲਾਨ, ਮ੍ਰਿਤਕਾਂ ਦੇ ਪਰਿਵਾਰਾਂ ਨੂੰ 2-2 ਲੱਖ ਦੀ ਦਿੱਤੀ ਮਦਦ
ਸ਼ਰਧਾਂਜਲੀ ਸਮਾਗਮ 4 ਮਈ ਨੂੰ ਹੋਵੇਗਾ : ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਰਹਿ ਚੁੱਕੇ 95 ਸਾਲਾ ਪ੍ਰਕਾਸ਼ ਸਿੰਘ ਬਾਦਲ ਦਾ ਮੰਗਲਵਾਰ ਨੂੰ ਦੇਹਾਂਤ ਹੋ ਗਿਆ। ਉਨ੍ਹਾਂ ਦਾ ਅੰਤਿਮ ਸੰਸਕਾਰ ਵੀਰਵਾਰ ਨੂੰ ਉਨ੍ਹਾਂ ਦੇ ਜੱਦੀ ਪਿੰਡ ਬਾਦਲ ਵਿਖੇ ਕੀਤਾ ਗਿਆ। ਦੇਸ਼ ਦੇ ਵੱਡੇ ਨੇਤਾ ਬਾਦਲ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕਰਨ ਲਈ ਦੇਸ਼ ਭਰ ਤੋਂ ਲੋਕ ਪਿੰਡ ਬਾਦਲ ਪਹੁੰਚ ਰਹੇ ਹਨ।
ਇਹ ਵੀ ਪੜ੍ਹੋ :ਯੂਪੀ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਵੰਡਾਇਆ ਬਾਦਲ ਪਰਿਵਾਰ ਦਾ ਦੁੱਖ, ਹੋਰ ਹਸਤੀਆਂ ਵੀ ਪਹੁੰਚੀਆਂ ਦੁੱਖ ਜਤਾਉਣ
ਪਰਕਾਸ਼ ਸਿੰਘ ਬਾਦਲ ਨੇ ਸਾਲ 1952 ਵਿੱਚ ਸਰਪੰਚ ਦੀ ਚੋਣ ਜਿੱਤੀ ਤੇ ਇਸ ਨਾਲ ਹੀ ਉਨ੍ਹਾਂ ਨੇ ਰਾਜਨੀਤੀ ਵਿੱਚ ਪਹਿਲਾ ਕਦਮ ਰੱਖਿਆ। ਇਸ ਤੋਂ ਬਾਅਦ ਉਸ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ। ਸਾਲ 1957 ਵਿੱਚ ਉਹ ਪੰਜਾਬ ਵਿਧਾਨ ਸਭਾ ਲਈ ਚੁਣੇ ਗਏ। ਸਾਲ 1960 ਵਿੱਚ ਉਹ ਫਿਰ ਜਿੱਤ ਗਏ। ਇਸ ਤੋਂ ਬਾਅਦ 1969 ਵਿੱਚ ਉਹ ਮੁੜ ਪੰਜਾਬ ਵਿਧਾਨ ਸਭਾ ਤੋਂ ਚੁਣੇ ਗਏ। ਦੱਸ ਦਈਏ ਕਿ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਦਾ ਕੁਝ ਦਿਨ ਪਹਿਲਾਂ ਸਾਹ ਦੀ ਦਿੱਕਤ ਹੋਣ ਕਰਕੇ ਦੇਹਾਂਤ ਹੋ ਗਿਆ ਸੀ। ਉਨ੍ਹਾਂ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ 4 ਮਈ ਨੂੰ ਹੋਵੇਗਾ।