ਬਠਿੰਡਾ: ਨਵਜੋਤ ਸਿੰਘ ਸਿੱਧੂ ਦੀ ਅੱਜ ਬਠਿੰਡਾ ਫੇਰੀ ਨੇ ਸਿਆਸੀ ਹਲਕਿਆਂ ਵਿੱਚ ਨਵੀਂ ਚਰਚਾ ਛੇੜ ਦਿੱਤੀ ਹੈ, ਕਿਉਂਕਿ ਅੱਜ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰਾਂ ਨਾਲ ਬੈਠਕ ਕਰਨ ਪਹੁੰਚੇ ਨਵਜੋਤ ਸਿੰਘ ਸਿੱਧੂ ਦੀ ਇਸ ਮਿਲਣੀ ਵਿੱਚ ਰਾਜਾ ਵੜਿੰਗ ਦੀ ਪ੍ਰਧਾਨਗੀ ਦਾ ਵਿਰੋਧ ਕਰਨ ਵਾਲੇ ਸੁਰਜੀਤ ਸਿੰਘ ਧੀਮਾਨ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ।
ਇਸੇ ਤਰ੍ਹਾਂ ਆਮ ਆਦਮੀ ਪਾਰਟੀ ਛੱਡ ਕਾਂਗਰਸ ਵਿੱਚ ਸ਼ਾਮਲ ਹੋਏ ਜਗਦੇਵ ਸਿੰਘ ਕਮਾਲੂ ਪਿਰਮਲ ਸਿੰਘ ਖਾਲਸਾ ਨਾਜ਼ਰ ਸਿੰਘ ਮਾਨਸ਼ਾਹੀਆ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਬਾਦਲ ਛੱਡ ਕਾਂਗਰਸ ਵਿੱਚ ਸ਼ਾਮਲ ਹੋਏ ਸ਼ੇਰ ਸਿੰਘ ਘੁਬਾਇਆ ਆਦਿ ਹਾਜ਼ਰ ਸਨ। ਇੱਥੇ ਵਿਸ਼ੇਸ਼ ਗੱਲ ਇਹ ਰਹੀ ਕਿ ਨਵਜੋਤ ਸਿੱਧੂ ਵੱਲੋਂ ਪ੍ਰੈਸ ਕਾਨਫਰੰਸ ਸ਼ੁਰੂ ਹੋਣ ਤੋਂ ਪਹਿਲਾਂ ਹੀ ਰਾਜਾ ਵੜਿੰਗ ਨੂੰ ਨਾ ਮੰਨਣ ਸਬੰਧੀ ਸਫ਼ਾਈ ਦਿੰਦੇ ਹੋਏ ਕਿਹਾ ਕਿ ਉਹ ਉਸ ਦਿਨ ਬਾਹਰ ਸਨ, ਜਿਸ ਦਿਨ ਅਮਰਿੰਦਰ ਸਿੰਘ ਉਰਫ਼ ਰਾਜਾ ਵੜਿੰਗ ਉਨ੍ਹਾਂ ਨੂੰ ਮਿਲਣ ਲਈ ਅੰਮ੍ਰਿਤਸਰ ਪਹੁੰਚੇ ਸਨ।
ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਜੋ ਪੰਜਾਬ ਸਿਰ ਚੜ੍ਹੇ 3 ਲੱਖ ਕਰੋੜ ਦੇ ਕਰਜ਼ੇ ਦੀ ਗੱਲ ਕੀਤੀ ਜਾ ਰਹੀ ਹੈ, ਉਹ 5 ਲੱਖ ਕਰੋੜ ਰੁਪਏ ਹੈ, ਕਿਉਂਕਿ ਸਮੇਂ-ਸਮੇਂ ਦੀਆਂ ਸਰਕਾਰਾਂ ਵੱਲੋਂ ਇਸ ਕਰਜ਼ੇ ਨੂੰ ਲੈ ਕੇ ਸਰਕਾਰੀ ਇਮਾਰਤਾਂ ਜਿਸ ਤਰ੍ਹਾਂ ਗੈਸਟ ਹਾਊਸ ਰੈਸਟ ਹਾਊਸ ਅਤੇ ਮਿਉਂਸਪਲ ਕਾਰਪੋਰੇਸ਼ਨਾਂ ਦੀਆਂ ਜਾਇਦਾਦਾਂ ਵੇਚੀਆਂ ਗਈਆਂ। ਉਨ੍ਹਾਂ ਇਸ ਫ਼ੈਸਲੇ ਦਾ ਸਵਾਗਤ ਕੀਤਾ ਅਤੇ ਜੋ ਲੋਕ ਇਸ ਮਾਮਲੇ ਵਿੱਚ ਸ਼ਾਮਲ ਹਨ, ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਵੀ ਮੰਗ ਕੀਤੀ।
300 ਯੂਨਿਟ ਮਾਫ ਕਰਨ ਦੇ ਮੁੱਦੇ 'ਤੇ ਬੋਲਦੇ ਹੋਏ ਨਵੋਜਤ ਸਿੱਧੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਪਹਿਲਾਂ ਆਪਣੀ ਪਾਲਿਸੀ ਲੋਕਾਂ ਸਾਹਮਣੇ ਕਲੀਅਰ ਕਰੇ, ਕਿਉਂਕਿ ਇੰਨੀ ਵੱਡੀ ਅਮਾਊਂਟ ਲਈ ਇਨਕਮ ਦੇ ਸਾਧਨ ਕੀ ਹਨ। ਪੰਜਾਬ ਪਹਿਲਾਂ ਹੀ ਕਰਜ਼ੇ ਦੀ ਮਾਰ ਝੱਲ ਰਿਹਾ ਹੈ ਅਤੇ ਇਸ ਨੂੰ ਨੀਤੀਗਤ ਤਰੀਕੇ ਨਾਲ ਚਲਾਉਣ ਦੀ ਲੋੜ ਹੈ।
ਨਸ਼ੇ ਦੇ ਮੁੱਦੇ ਉਪਰ ਬੋਲਦਿਆਂ ਸਿੱਧੂ ਨੇ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਪਹਿਲਾਂ ਸਹੀ ਸੇਧ ਦੇਣ ਦੀ ਲੋੜ ਹੈ, ਇਸ ਤੋਂ ਇਲਾਵਾਂ ਪੰਜਾਬ ਵਿੱਚ ਫ਼ਸਲੀ ਭਿੰਨਤਾ 'ਤੇ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਚਾਹੇ ਤਾਂ ਕਿਸਾਨਾਂ ਨੂੰ ਦਾਲਾਂ ਅਤੇ ਜਿਣਸਾਂ ਦੀ ਪੈਦਾਵਾਰ ਸਬੰਧੀ ਉਤਸ਼ਾਹਤ ਕਰੇ ਤਾਂ ਜੋ ਪੰਜਾਬ ਦੇ ਪਾਣੀ ਨੂੰ ਬਚਾਇਆ ਜਾ ਸਕੇ।
ਸਾਬਕਾ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੂੰ ਨੋਟਿਸ ਜਾਰੀ ਕਰਨ ਸਬੰਧੀ ਬੋਲਦਿਆਂ ਉਨ੍ਹਾਂ ਕਿਹਾ ਕਿ ਸਵਾਰੀ ਆਪਣੇ ਸਾਮਾਨ ਦੀ ਆਪ ਜ਼ਿੰਮੇਵਾਰ ਹੈ, ਸੁਰਜੀਤ ਸਿੰਘ ਧੀਮਾਨ ਨੂੰ ਨਾਲ ਲੈ ਕੇ ਚੱਲਣ ਦੇ ਮੁੱਦੇ 'ਤੇ ਬੋਲਦੇ ਉਨ੍ਹਾਂ ਕਿਹਾ ਕਿ ਕੋਈ ਵੀ ਵਰਕਰ ਕਿਸੇ ਦੀ ਸੋਚ ਨਾਲ ਸਹਿਮਤ ਹੋ ਸਕਦਾ ਹੈ। ਅੱਜ ਇਕ ਸੋਚ 'ਤੇ ਲੋਕ ਇੱਕ ਸਟੇਜ ਤੇ ਇਕੱਠੇ ਹੋਏ ਹਨ।
ਉਨ੍ਹਾਂ ਕਿਹਾ ਕਿ 5 ਲੱਖ ਕਰੋੜ ਦੇ ਘੁਟਾਲੇ ਸਬੰਧੀ ਜੋ ਗੱਲ ਕਹੀ ਜਾ ਰਹੀ ਹੈ, ਮੈਂ ਇਸ ਸਬੰਧੀ ਪਹਿਲਾਂ ਵੀ ਕਮੇਟੀ ਧੱਕੇ ਨਾਲ ਆਪਣੇ ਵੱਲੋਂ ਲਈ ਸੀ, ਜਿਸ ਦੀ ਜਾਂਚ ਜਸਟਿਸ ਕੁਲਦੀਪ ਸਿੰਘ ਨੇ ਕੀਤੀ ਸੀ। ਪਰ ਜਦੋਂ ਜਸਟਿਸ ਕੁਲਦੀਪ ਸਿੰਘ ਦੀ ਰਿਪੋਰਟ ਆਈ ਅਤੇ ਜਿਸ ਵਿਅਕਤੀ ਨੂੰ ਦਿੱਤੀ ਗਈ ਉਸ ਦਾ ਨਾਮ ਵੀ ਉਸ ਰਿਪੋਰਟ ਵਿੱਚ ਸ਼ਾਮਲ ਸੀ, ਜਿਸ ਕਾਰਨ ਉਸ ਦੀ ਫਾਈਲ ਦੱਬ ਲਈ ਗਈ। ਉਨ੍ਹਾਂ ਕਿਹਾ ਕਿ ਜੇ ਆਮ ਆਦਮੀ ਪਾਰਟੀ ਇਨ੍ਹਾਂ ਲੋਕਾਂ ਖ਼ਿਲਾਫ਼ ਕਾਰਵਾਈ ਕਰਦੀ ਹੈ ਤਾਂ ਉਹ ਸਵਾਗਤ ਕਰਦੇ ਹਨ ਅਤੇ ਚੋਰ ਨੂੰ ਠੋਕਣ ਵਾਲੇ ਦੀ ਉਹ ਹਰ ਸੰਭਵ ਮਦਦ ਕਰਨਗੇ।
ਇਹ ਵੀ ਪੜੋ:- ਅਗਲੇ ਦੋ ਸਾਲਾਂ 'ਚ ਗੰਨੇ ਦੇ ਝਾੜ 'ਚ 100 ਕੁਇੰਟਲ ਪ੍ਰਤੀ ਏਕੜ ਤੱਕ ਵਾਧਾ ਕਰਨ ਦਾ ਟੀਚਾ: ਚੀਮਾ