ਬਠਿੰਡਾ: ਪੰਜਾਬ ਦੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਸਥਾਨਕ ਦਫ਼ਤਰ ਦੇ ਬਾਹਰ ਮਜ਼ਦੂਰ ਮੁਕਤੀ ਮੋਰਚਾ ਜਥੇਬੰਦੀ ਨੇ ਮੰਗਾਂ ਪੂਰੀਆਂ ਕਰਵਾਉਣ ਲਈ ਮੋਰਚਾ ਲਾਇਆ। ਆਗੂਆਂ ਨੇ ਦੱਸਿਆ ਕਿ ਪ੍ਰਾਈਵੇਟ ਫ਼ਾਈਨਾਂਸ ਕੰਪਨੀਆਂ ਦਾ ਕਰਜ਼ਾ ਮਾਫ਼ੀ, ਗਰੀਬ ਪਰਿਵਾਰਾਂ ਦੇ ਪੁੱਟੇ ਗਏ ਬਿਜਲੀ ਦੇ ਮੀਟਰਾਂ ਨੂੰ ਲਗਵਾਉਣ ਸਬੰਧੀ ਗ਼ਰੀਬ ਪਰਿਵਾਰਾਂ ਨੂੰ 5000 ਰੁਪਏ ਪੈਨਸ਼ਨ ਆਦਿ ਮੰਗਾਂ ਵਿਚੋਂ ਕੋਈ ਵੀ ਮੰਗ ਪੂਰੀ ਨਹੀਂ ਹੋਈ, ਜਿਸ ਕਰਕੇ ਅੱਜ ਡਾਕਟਰ ਭੀਮ ਰਾਓ ਅੰਬੇਦਕਰ ਚੌਕ ਤੋਂ ਲੈ ਕੇ ਖਜ਼ਾਨਾ ਮੰਤਰੀ ਦੇ ਦਫਤਰ ਤੱਕ ਰੋਸ ਮਾਰਚ ਕਰਦਿਆਂ ਅੱਜ ਇੱਥੇ 8 ਫ਼ਰਵਰੀ ਤੱਕ ਪੱਕਾ ਮੋਰਚਾ ਲਗਾਉਣ ਦਾ ਐਲਾਨ ਕੀਤਾ ਗਿਆ ਹੈ।
ਮੋਰਚੇ 'ਚ ਸ਼ਾਮਲ ਹੋਈਆਂ ਔਰਤਾਂ ਨੇ ਆਖਿਆ ਕਿ ਆਪਣੀਆਂ ਮੰਗਾਂ ਮਨਵਾਉਣ ਲਈ ਉਹ ਦਿਨ-ਰਾਤ ਧਰਨੇ 'ਤੇ ਬੈਠਣਗੀਆਂ, ਜਿਸ ਦੇ ਲਈ ਪੂਰੀ ਤਿਆਰੀਆਂ ਕਰ ਕੇ ਆਈਆਂ ਹਨ। ਬੇਸ਼ੱਕ ਪੁਲਿਸ ਨੇ ਬੈਰੀਕੇਡ ਲਗਾ ਕੇ ਰੋਕਣ ਦੀ ਕੋਸ਼ਿਸ਼ ਕੀਤੀ ਸੀ ਪਰ ਪੁਲਿਸ ਹੁਣ ਪਿੱਛੇ ਹਟ ਗਈ ਹੈ ਅਤੇ ਉਹ ਹੁਣ ਇਸ ਮੋਰਚੇ ਤੇ ਬੈਠਣਗੇ, ਜਦੋਂ ਤੱਕ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ।
ਮਜ਼ਦੂਰ ਮੁਕਤੀ ਮੋਰਚਾ ਦੀ ਫ਼ਿਰੋਜ਼ਪੁਰ ਤੋਂ ਆਈ ਜ਼ਿਲ੍ਹਾ ਪ੍ਰਧਾਨ ਪਰਮਜੀਤ ਕੌਰ ਨੇ ਆਖਿਆ ਕਿ ਲੌਕਡਾਊਨ ਦੇ ਸਮੇਂ ਗ਼ਰੀਬ ਪਰਿਵਾਰਾਂ ਵੱਲੋਂ ਮਾਈਕ੍ਰੋਫਾਇਨਾਂਸ ਕੰਪਨੀਆਂ ਤੋਂ ਕਰਜ਼ ਲਿਆ ਸੀ। ਪਰ ਦੂਜੇ ਪਾਸੇ ਗ਼ਰੀਬ ਘਰਾਂ ਦੇ ਵੱਡੇ-ਵੱਡੇ ਬਿੱਲ ਜਿਨ੍ਹਾਂ ਨੂੰ ਮੁਆਫ਼ ਨਹੀਂ ਕੀਤਾ ਗਿਆ ਅਤੇ ਗ਼ਰੀਬ ਪਰਿਵਾਰਾਂ ਦੇ ਬਿਜਲੀ ਦੇ ਮੀਟਰ ਪੁੱਟ ਲਏ ਗਏ ਹਨ। ਇਸ ਲਈ ਅੱਜ ਉਹ ਆਪਣਾ ਰੋਸ ਜ਼ਾਹਰ ਕਰਦਿਆਂ ਧਰਨੇ 'ਤੇ ਬੈਠੇ ਹਨ।