ਬਠਿੰਡਾ: ਕ੍ਰਿਸਮਸ ਦੇ ਤਿਉਹਾਰ ਦੇ ਮੌਕੇ ਬਠਿੰਡਾ ਪਹੁੰਚੇ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਦੇਸ਼ ਵਾਸੀਆਂ ਨੂੰ ਕ੍ਰਿਸਮਸ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ। ਇਸ ਦੌਰਾਨ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਈਸਾ ਮਸੀਹ ਦਾ ਜਨਮ ਦੁਨੀਆ ਦੇ ਦਰਦ ਨੂੰ ਆਪਣੇ ਉੱਪਰ ਲੈਣ ਲਈ ਅਤੇ ਦੂਜਿਆਂ ਨੂੰ ਕੁਰਸੀ ਦੇਣ ਦੇ ਲਈ ਹੋਇਆ ਸੀ।
ਇਸ ਮੌਕੇ ਤੇ ਮਨਪ੍ਰੀਤ ਸਿੰਘ ਬਾਦਲ ਨੇ ਸਮੁੱਚੀ ਆਵਾਮ ਨੂੰ ਕ੍ਰਿਸਮਸ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਈਸਾਈ ਭਾਈਚਾਰੇ ਨੂੰ ਇੱਕ ਤੋਹਫ਼ਾ ਦਿੰਦਿਆਂ ਕਿਹਾ ਕਿ ਜਦੋਂ ਵੀ ਪੰਜਾਬ ਸਰਕਾਰ ਪੰਜਾਬ ਦੇ ਹਿੱਤ ਦੀ ਗੱਲ ਕਰੇਗੀ ਤਾਂ ਈਸਾਈ ਭਾਈਚਾਰੇ ਦੇ ਸਹਿਯੋਗ ਨਾਲ ਕਰੇਗੀ।
ਪੰਜਾਬ ਵਿੱਚ ਅਕਾਲੀ ਦਲ ਵੱਲੋਂ ਕਾਂਗਰਸ ਪਾਰਟੀ ਦੇ ਖਿਲਾਫ਼ ਲਗਾਏ ਜਾ ਰਹੇ ਧਰਨਿਆਂ ਨੂੰ ਲੈ ਕੇ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਹੈ ਕਿ ਕਾਮਯਾਬੀ ਧਰਨਿਆਂ ਨਾਲ ਨਹੀਂ ਸਗੋਂ ਕੰਮ ਕਰਨ ਤੋਂ ਮਿਲਦੀ ਹੈ ਅਤੇ ਅਕਾਲੀ ਦਲ ਤਾਂ ਹੁਣ ਵਿਰੋਧੀ ਧਿਰ ਦੇ ਵਿੱਚ ਵੀ ਨਹੀਂ ਹੈ।
ਬਿਜਲੀ ਦਰਾਂ ਵਿੱਚ 30 ਪੈਸੇ ਪ੍ਰਤੀ ਯੂਨਿਟ ਵਾਧਾ ਹੋਣ 'ਤੇ ਵਿੱਤ ਮੰਤਰੀ ਨੇ ਦੱਸਿਆ ਕਿ ਬਿਜਲੀ ਦੀਆਂ ਦਰਾਂ ਰੈਗੂਲਰ ਅਥਾਰਿਟੀ ਵੱਲੋਂ ਵਧਾਈਆਂ ਜਾਂਦੀਆਂ ਹਨ। ਰੈਗੂਲਰ ਅਥਾਰਿਟੀ ਬਿਜਲੀ ਵਿਭਾਗ ਅਤੇ ਖਪਤਕਾਰਾਂ ਦੇ ਵਿਚਾਲੇ ਵਿਚੋਲੇ ਦਾ ਕੰਮ ਕਰਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ 6 ਮਹੀਨੇ ਪਹਿਲਾਂ ਬਿਜਲੀ ਬੋਰਡ ਅਤੇ ਪ੍ਰਾਈਵੇਟ ਬਿਜਲੀ ਉਤਪਾਦਕਾਂ ਦੇ ਵਿਚਾਲੇ ਕੋਰਟ ਕੇਸ ਚੱਲ ਰਿਹਾ ਸੀ ਜੋ ਬਿਜਲੀ ਬੋਰਡ ਹਾਰ ਗਈ ਜਿਸ ਕਰਕੇ ਬਿਜਲੀ ਬੋਰਡ ਨੂੰ 1400 ਕਰੋੜ ਦਾ ਜ਼ੁਰਮਾਨਾ ਹੋਇਆ ਹੈ ਅਤੇ ਇਸ ਦਾ ਖਮਿਆਜ਼ਾ ਹੁਣ ਰੈਗੂਲਰ ਅਥਾਰਿਟੀ ਵੱਲੋਂ ਬਿਜਲੀ ਦੀਆਂ ਦਰਾਂ ਵਿੱਚ ਵਾਧਾ ਕਰਕੇ ਪੂਰਾ ਕੀਤਾ ਜਾ ਰਿਹਾ ਹੈ।