ਬਠਿੰਡਾ: ਬਠਿੰਡਾ ਤੋਂ ਵਿਧਾਇਕ ਰਹੇ ਅਤੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਕਾਂਗਰਸ ਨੂੰ ਅਲਵਿਦਾ ਆਖ ਕੇ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਉਹਨਾਂ ਵੱਲੋਂ ਲਗਾਤਾਰ ਬਠਿੰਡਾ ਨਗਰ ਨਿਗਮ ਦੇ ਕਾਂਗਰਸੀ ਕੌਂਸਲਰਾਂ ਨਾਲ ਬੈਠਕ ਕੀਤੀ ਜਾ ਰਹੀ ਹੈ। ਪਰ ਇਸ ਦੌਰਾਨ ਹੀ ਬੀਤੇ ਦਿਨੀਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਨਗਰ ਨਿਗਮ ਦੇ ਕੌਂਸਲਰ ਨਾਲ ਕੀਤੀ ਬੈਠਕ ਤੋਂ ਬਾਅਦ ਅੱਜ ਫਿਰ ਬਠਿੰਡਾ ਵਿਖੇ ਵੱਖ-ਵੱਖ ਕਾਂਗਰਸੀ ਕੌਂਸਲਰਾਂ ਨੂੰ ਮਿਲਣ ਲਈ ਮਨਪ੍ਰੀਤ ਸਿੰਘ ਬਾਦਲ ਪਹੁੰਚੇ ਹਨ।
ਇਸ ਮੀਟਿੰਗ ਤੋਂ ਬਾਅਦ ਉਹਨਾਂ ਵੱਲੋਂ ਮੀਡੀਆ ਤੋਂ ਲਗਾਤਾਰ ਦੂਰੀ ਬਣਾਈ ਗਈ ਅਤੇ ਕੋਈ ਵੀ ਗੱਲਬਾਤ ਕਰਨ ਤੋਂ ਗੁਰੇਜ਼ ਕੀਤਾ ਗਿਆ। ਬਠਿੰਡਾ ਦੀ ਗਾਂਧੀ ਮਾਰਕਿਟ ਵਿਖੇ ਕੌਂਸਲਰ ਮਮਤਾ ਸੈਣੀ ਦੇ ਪਤੀ ਨੂੰ ਮਿਲਣ ਪਹੁੰਚੇ ਮਨਪ੍ਰੀਤ ਬਾਦਲ ਵੱਲੋਂ ਜਿੱਥੇ ਕੌਂਸਲਰ ਦੇ ਪਤੀ ਨਾਲ ਚਾਹ ਦਾ ਕੱਪ ਸਾਂਝਾ ਕੀਤਾ ਗਿਆ, ਉਥੇ ਹੀ ਕੌਂਸਲਰ ਦੇ ਪਤੀ ਦਾ ਕਹਿਣਾ ਹੈ ਕਿ ਉਹ ਕਾਂਗਰਸੀ ਹਨ ਤੇ ਕਾਂਗਰਸੀ ਰਹਿਣਗੇ ਭਾਵੇਂ ਮਨਪ੍ਰੀਤ ਬਾਦਲ ਸਹਿਚਾਰ ਦੇ ਨਾ ਉੱਤੇ ਉਹਨਾਂ ਨੂੰ ਮਿਲਣ ਆਏ ਹਨ ਪਰ ਉਹਨਾਂ ਵੱਲੋਂ ਕੋਈ ਵੀ ਸਿਆਸੀ ਗੱਲ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਭਾਜਪਾ ਵਿੱਚ ਚੱਲ ਰਹੀਆਂ ਕਿਆਸਰਾਈਆਂ ਵਿਰਾਮ ਲਾਉਂਦੇ ਹੋਏ ਕਿਹਾ ਕਿ ਉਹ ਕਾਂਗਰਸੀ ਹਨ ਅਤੇ ਕਾਂਗਰਸ ਵਿਚ ਹੀ ਰਹਿਣਗੇ।
ਇਹ ਵੀ ਪੜ੍ਹੋ: ਖੂਨ ਰੰਗੇ ਕੱਪੜੇ ਪਾ ਕੇ ਸੜਕ 'ਤੇ ਆਇਆ ਸਾਬਕਾ ਕੌਂਸਲਰ, ਚਾਈਨਾ ਡੋਰ ਖਿਲਾਫ ਲੱਗੇ ਤਿੱਖੇ ਨਾਅਰੇ
ਦੂਸਰੇ ਪਾਸੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਗਾਂਧੀ ਮਾਰਗ ਚਲੇ ਜਾਣ ਤੋਂ ਬਾਅਦ ਮੌਕੇ ਉੱਤੇ ਪਹੁੰਚੇ ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਅਸ਼ੋਕ ਕੁਮਾਰ ਨੇ ਗੱਲਬਾਤ ਦੌਰਾਨ ਕਿਹਾ ਕਿ ਮਨਪ੍ਰੀਤ ਬਾਦਲ ਵੱਲੋਂ ਜੋ ਭਾਜਪਾ ਵਿੱਚ ਜਾਣ ਦਾ ਫੈਸਲਾ ਲਿਆ ਗਿਆ ਹੈ, ਉਹ ਗਲਤ ਫੈਸਲਾ ਹੈ। ਕਿਉਂਕਿ ਕਾਂਗਰਸ ਵੱਲੋਂ ਉਨ੍ਹਾਂ ਨੂੰ ਬਣਦਾ ਮਾਣ-ਸਤਿਕਾਰ ਦਿੱਤਾ ਗਿਆ ਅਤੇ ਵਿੱਤ ਮੰਤਰੀ ਬਣਾਇਆ ਗਿਆ। ਅੱਜ ਉਹ ਕਿਸ ਆਧਾਰ ਉੱਤੇ ਕਾਂਗਰਸ ਨੂੰ ਬਦਨਾਮ ਕਰਨ ਲਈ ਅਜਿਹੇ ਬਿਆਨ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਨਗਰ ਨਿਗਮ ਦੇ ਕਾਂਗਰਸੀ ਕੌਂਸਲਰ ਕਾਂਗਰਸ ਦੇ ਨਾਲ ਖੜ੍ਹੇ ਹਨ ਅਤੇ ਹਮੇਸ਼ਾ ਰਹਿਣਗੇ। ਮਨਪ੍ਰੀਤ ਬਾਦਲ ਦੇ ਹੱਕ ਵਿੱਚ ਨਹੀਂ ਜਾ ਰਿਹਾ ਅਤੇ ਮਨਪ੍ਰੀਤ ਬਾਦਲ ਨੂੰ ਵੀ ਚਾਹੀਦਾ ਹੈ ਕਿ ਉਹ ਕਾਂਗਰਸੀ ਕੌਂਸਲਰਾਂ ਨਾਲ ਸੰਪਰਕ ਕਰਨ ਤੋਂ ਗੁਰੇਜ਼ ਕਰਨ।