ਬਠਿੰਡਾ: ਕਿਸਾਨਾਂ ਵੱਲੋਂ ਤਲਵੰਡੀ ਸਾਬੋ ਦੇ ਥਾਣੇ ਦਾ ਘਿਰਾਓ ਕਰਕੇ ਰੋਸ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਪਿੰਡ ਚੱਠੇਵਾਲਾ ਤਿੰਨ ਕਿਸਾਨਾਂ ਦੇ ਲੈਣ-ਦੇਣ ਦੇ ਮਾਮਲੇ ਦਾ ਕੇਸ ਤਲਵੰਡੀ ਸਾਬੋ ਦੀ ਮਾਣਯੋਗ ਅਦਾਲਤ ਵਿੱਚ ਚੱਲ ਰਿਹਾ ਹੈ। ਬੇਸ਼ੱਕ ਅਦਾਲਤ ਵੱਲੋਂ ਪਹਿਲਾਂ ਕਿਸਾਨ ਦੀ ਜ਼ਮੀਨ ਦੀ ਕੁਰਕੀ ਦੇ ਆਦੇਸ਼ ਜਾਰੀ ਕੀਤੇ ਸਨ ਪਰ ਕਿਸਾਨ ਯੂਨੀਅਨ ਦੇ ਵਿਰੋਧ ਦੇ ਚਲਦਿਆਂ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਕੁਰਕੀ ਨਹੀਂ ਕੀਤੀ ਗਈ। ਹੁਣ ਅਦਾਲਤ ਵੱਲੋਂ ਕਿਸਾਨਾਂ ਦੇ ਗ੍ਰਿਫ਼ਤਾਰੀ ਵਰੰਟ ਜਾਰੀ ਕੀਤੇ ਗਏ ਸਨ ਜਿਸ ਤੇ ਤਲਵੰਡੀ ਸਾਬੋ ਪੁਲਿਸ ਨੇ ਅੱਜ ਸਵੇਰੇ ਪਿੰਡ ਵਿੱਚ ਛਪੇਮਾਰੀ ਕਰਕੇ ਇੱਕ ਕਿਸਾਨ ਨੂੰ ਆਪਣੀ ਹਿਰਾਸਤ ਵਿਚ ਲੈ ਲਿਆ ਹੈ।
ਇਕ ਕਿਸਾਨ ਗ੍ਰਿਫਤਾਰ: ਜਿਸ ਦੇ ਵਿਰੋਧ ਦੇ ਚਲਦਿਆਂ ਕਿਸਾਨਾਂ ਨੇ ਥਾਣਾ ਤਲਵੰਡੀ ਸਾਬੋ ਦਾ ਘਿਰਾਓ ਕਰਕੇ ਰੋਸ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਪਹਿਲਾਂ ਕਾਂਗਰਸ ਸਰਕਾਰ ਸਮੇਂ ਕਿਸਾਨਾਂ ਦੀਆਂ ਕੁਰਕੀਆਂ ਕਰਨ ਦੀ ਕੋਸ਼ਿਸ਼ ਕੀਤੀ ਗਈ ਹੁਣ ਆਪ ਸਰਕਾਰ ਕਿਸਾਨਾਂ ਦੀਆਂ ਗ੍ਰਿਫ਼ਤਾਰੀਆਂ ਕਰਾ ਕੇ ਸੂਦਖੋਰ ਆੜ੍ਹਤੀਏ ਨੂੰ ਉਨ੍ਹਾਂ ਤੋਂ ਜ਼ਬਰੀ ਪੈਸੇ ਦਿਵਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕੱਲ ਦੀ ਅਦਾਲਤ ਵਿਚ ਤਾਰੀਕ ਹੈ ਪਰ ਅੱਜ ਕਿਸਾਨ ਨੂੰ ਗ੍ਰਿਫਤਾਰ ਕਰਕੇ ਜ਼ਬਰੀ ਆੜਤੀਏ ਨੂੰ ਪੈਸੇ ਦੱਬਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਖ਼ਿਲਾਫ਼ ਤਿੱਖਾ ਸੰਘਰਸ਼ ਕੀਤਾ ਜਾਵੇਗਾ।
ਕਿਸਾਨ ਯੂਨੀਅਨ ਦਾ ਪ੍ਰਸ਼ਾਸ਼ਨ ਦੇ ਕੰਮ ਵਿੱਚ ਦਖ਼ਲ: ਉਧਰ ਦੂਜੇ ਪਾਸੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਿਸਾਨ ਯੂਨੀਅਨ ਪ੍ਰਸ਼ਾਸ਼ਨ ਅਤੇ ਅਦਾਲਤ ਦੇ ਕੰਮਾਂ ਵਿਚ ਦਖ਼ਲ ਦੇ ਰਹੀ ਹੈ ਉਨ੍ਹਾਂ ਕਿਹਾ ਕਿ ਅਦਾਲਤ ਦੇ ਹੁਕਮ ਇੱਕ ਕਿਸਾਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਦੋਂ ਕਿ ਤਿੰਨ ਕਿਸਾਨਾਂ ਦੇ ਵਰੰਟ ਜਾਰੀ ਹੋਏ ਸਨ। ਉਧਰ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਜੇਕਰ ਮਸਲਾ ਹੱਲ ਨਾਂ ਹੋਇਾ ਤਾਂ ਉਹ ਸੰਘਰਸ਼ ਹੋਰ ਤੇਜ਼ ਕਰਨਗੇ।