ਬਠਿੰਡਾ: ਜੰਮੂ ਕਸ਼ਮੀਰ ਵਿੱਚ ਗੁਰਦੁਆਰਾ ਸਾਹਿਬਾਨ ਦੀ ਸਾਂਭ ਸੰਭਾਲ ਲਈ ਬਣੇ ਬੋਰਡ ਦੀ ਮੌਜੂਦਾ ਮਿਆਦ 8 ਜੁਲਾਈ ਨੂੰ ਖਤਮ ਹੋਣ 'ਤੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਮੰਗ ਕੀਤੀ ਹੈ ਕਿ ਉਕਤ ਬੋਰਡ ਦੇ ਕਾਰਜਕਾਲ 'ਚ ਸਰਕਾਰ 6 ਮਹੀਨੇ ਦਾ ਵਾਧਾ ਕਰੇ।
ਪੱਤਰਕਾਰਾਂ ਨਾਲ ਇੱਥੇ ਗੱਲ ਕਰਦਿਆਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਉਕਤ ਬੋਰਡ ਦੇ ਮੈਂਬਰਾਂ ਦੀ ਚੋਣ ਕੀਤੀ ਜਾਂਦੀ ਹੈ ਪਰ ਜੰਮੂ ਕਸ਼ਮੀਰ ਪ੍ਰਸ਼ਾਸ਼ਨ ਕੋਰੋਨਾ ਦਾ ਬਹਾਨਾ ਬਣਾ ਕੇ ਕਹਿ ਰਿਹਾ ਹੈ ਕਿ ਚੋਣ ਨਹੀਂ ਹੋ ਸਕਦੀ। ਜਥੇਦਾਰ ਨੇ ਕਿਹਾ ਕਿ ਅਸਲ ਵਿੱਚ ਜੰਮੂ ਕਸ਼ਮੀਰ ਸਰਕਾਰ ਮੌਜੂਦਾ ਬੋਰਡ ਨੂੰ ਭੰਗ ਕਰਕੇ ਉਸ ਵਿੱਚ ਸਰਕਾਰ ਪੱਖੀ ਨੁਮਾਇੰਦੇ ਪਾ ਕੇ ਗੁਰਦੁਆਰਾ ਸਾਹਿਬਾਨ ਦੀ ਸਾਂਭ ਸੰਭਾਲ ਉਨ੍ਹਾਂ ਨੂੰ ਸੌਂਪਣਾ ਚਾਹੁੰਦੀ ਹੈ, ਜਿਸ ਨੂੰ ਸਿੱਖ ਕੌਮ ਕਦੇ ਬਰਦਾਸ਼ਤ ਨਹੀਂ ਕਰੇਗੀ।
ਜਥੇਦਾਰ ਨੇ ਕਿਹਾ ਕਿ ਸਰਕਾਰ ਬੋਰਡ ਦੀਆਂ ਚੋਣਾਂ ਕਰਾਵੇ ਨਹੀਂ ਤਾਂ ਕਾਰਜਕਾਲ 'ਚ 6 ਮਹੀਨੇ ਦਾ ਵਾਧਾ ਕਰੇ। ਜਥੇਦਾਰ ਸਾਹਿਬ ਨੇ ਸ਼੍ਰੋਮਣੀ ਕਮੇਟੀ ਨੂੰ ਵੀ ਮਾਮਲੇ ਦੇ ਹੱਲ ਲਈ ਯਤਨ ਕਰਨ ਦੇ ਆਦੇਸ਼ ਦਿੱਤੇ ਹਨ।
ਇਹ ਵੀ ਪੜੋ: ਲੁਧਿਆਣਾ: ਫਿਰੌਤੀ ਨਾ ਮਿਲਣ 'ਤੇ 16 ਸਾਲਾ ਨਾਬਾਲਗ ਦਾ ਕਤਲ, 2 ਮੁਲਜ਼ਮ ਕਾਬੂ
ਦੂਜੇ ਪਾਸੇ ਜਥੇਦਾਰ ਨੇ ਜੰਮੂ ਕਸ਼ਮੀਰ ਸਰਵਿਸ ਕਮਿਸ਼ਨ ਵਿੱਚ ਕਿਸੇ ਸਿੱਖ ਨੂੰ ਮੈਂਬਰ ਨਾ ਲੈਣ 'ਤੇ ਵੀ ਰੋਸ ਪ੍ਰਗਟਾਇਆ ਹੈ। ਉਨ੍ਹਾਂ ਕਿਹਾ ਕਿ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਹੈ ਕਿ ਕੋਈ ਸਿੱਖ ਜੰਮੂ ਕਸ਼ਮੀਰ ਸਰਵਿਸ ਕਮਿਸ਼ਨ ਦਾ ਮੈਂਬਰ ਨਹੀਂ ਲਿਆ ਗਿਆ।