ਬਠਿੰਡਾ: ਹਰਿਦੁਆਰ ਦੇ ਗੁਰਦੁਆਰਾ ਗਿਆਨ ਗੋਦੜੀ ਨੂੰ ਲੈ ਕੇ ਮੁੱਦਾ ਗਰਮਾਉਂਦਾ ਜਾ ਰਿਹਾ ਹੈ ਜਿਸ ਨੂੰ ਲੈ ਕੇ ਸ਼ਨੀਵਾਰ ਨੂੰ ਬਠਿੰਡਾ ਵਿੱਚ ਸਰਬੱਤ ਖਾਲਸਾ ਵੱਲੋਂ ਥਾਪੇ ਗਏ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸੰਤ ਬਲਜੀਤ ਸਿੰਘ ਦਾਦੂਵਾਲ ਵੱਲੋਂ ਪ੍ਰੈੱਸ ਕਾਨਫ਼ਰੰਸ ਕੀਤੀ ਗਈ।
ਇਸ ਮੌਕੇ ਸੰਤ ਬਲਜੀਤ ਸਿੰਘ ਦਾਦੂਵਾਲ ਨੇ ਦੱਸਿਆ ਕਿ ਜਿੱਥੇ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪਹਿਲੀ ਉਦਾਸੀ ਦਾ ਪਾਵਨ ਗੁਰਦੁਆਰਾ ਗਿਆਨ ਗੋਦੜੀ ਜੋ ਕਿ ਸੰਨ 1984 ਦੇ ਕਤਲੇਆਮ ਵੇਲੇ ਗੁਰੂ ਘਰ ਦੇ ਵਿਰੋਧੀਆਂ ਵੱਲੋਂ ਮਲੀਆਮੇਟ ਕਰ ਦਿੱਤਾ ਗਿਆ ਸੀ ਉਸ ਨੂੰ ਮੁੜ ਤੋਂ ਬਣਾਉਣ ਦੇ ਲਈ ਸਿੱਖ ਸੰਗਤਾਂ ਵੱਲੋਂ ਲੰਬੇ ਸਮੇਂ ਤੋਂ ਸੰਘਰਸ਼ ਚੱਲ ਰਿਹਾ ਹੈ। ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਇਸ ਮੂਲ ਸਥਾਨ 'ਤੇ ਗੁਰੂ ਨਾਨਕ ਦੇਵ ਜੀ ਵੱਲੋਂ ਕਰਮਕਾਂਡ ਦਾ ਖੰਡਨ ਕਰਕੇ ਗਿਆਨ ਦੀ ਗੋਦੜੀ ਵੰਡੀ ਸੀ।
ਇਹ ਵੀ ਪੜ੍ਹੋ: ਲੁਧਿਆਣਾ: ਪੰਜ ਤੱਤਾਂ ਵਿੱਚ ਵਿਲੀਨ ਹੋਇਆ ਮਾਸੂਮ, ਕੈਪਟਨ ਨੇ ਜਾਂਚ ਕਰ ਰਿਪੋਰਟ ਦੀ ਕੀਤੀ ਮੰਗ
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਉੱਤਰਾਖੰਡ ਸਰਕਾਰ ਨੇ ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਬਾਦਲ ਨਾਲ ਗੁਪਤ ਗੱਲਬਾਤ ਕੀਤੀ ਹੈ ਕਿ ਉਸ ਸਥਾਨ 'ਤੇ ਸਿਰਫ਼ ਇੱਕ ਪੱਥਰ ਲਗਾ ਕੇ ਗੁਰਦੁਆਰੇ ਲਈ ਕੋਈ ਹੋਰ ਥਾਂ 'ਤੇ ਜਗ੍ਹਾ ਦੇ ਦਿੱਤੀ ਜਾਵੇਗੀ। ਦਾਦੂਵਾਲ ਦਾ ਕਹਿਣਾ ਹੈ ਕਿ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਦਾ ਸਾਰਾ ਮਸਲਾ ਇਸ ਤਰੀਕੇ ਨਾਲ ਦਬਾਉਣ ਦਾ ਯਤਨ ਕੀਤਾ ਜਾ ਰਿਹਾ ਹੈ ਜਦੋਂਕਿ ਰਿਕਾਰਡ ਦੇ ਵਿੱਚ ਵੀ ਇਹ ਜਗ੍ਹਾ ਗੁਰਦੁਆਰਾ ਗੋਦੜੀ ਸਾਹਿਬ ਦੇ ਨਾਂ 'ਤੇ ਹੀ ਬੋਲਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਉਸ ਦੇ ਮੂਲ ਸਥਾਨ 'ਤੇ ਨਾ ਬਣਾਇਆ ਗਿਆ ਤਾਂ ਇਹ ਸਿੱਖਾਂ ਨੂੰ ਪ੍ਰਵਾਨ ਨਹੀਂ ਹੋਵੇਗਾ ।
ਇਸ ਦੌਰਾਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਵੱਲੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਹੈ ਕਿ ਜਿਸ ਤਰੀਕੇ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਲਾਂਘਾ ਖੋਲ੍ਹਿਆ ਹੈ ਅਤੇ ਸਮੁੱਚੀ ਸਿੱਖ ਸੰਗਤਾਂ ਨੂੰ ਖੁਸ਼ੀ ਦਿੱਤੀ ਹੈ ਉਸੇ ਤਰੀਕੇ ਨਾਲ ਉਨ੍ਹਾਂ ਨੂੰ ਉਮੀਦ ਹੈ ਕਿ ਹਰਿਦੁਆਰ ਵਿਖੇ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਨੂੰ ਵੀ ਉਸ ਦੀ ਮੂਲ ਸਥਾਨ ਦੀ ਜਗ੍ਹਾ ਸਿੱਖ ਭਾਵਨਾਵਾਂ ਨੂੰ ਦੇਖਦੇ ਹੋਏ ਦਿੱਤੀ ਜਾਵੇਗੀ।