ਬਠਿੰਡਾ: ਦੇਸ਼ ਵਿੱਚ ਅਜੋਕੇ ਸਮੇਂ ਦੇ ਰਿਸ਼ਤੇ ਦਿਨ ਪਰ ਦਿਨ ਤਾਰ-ਤਾਰ ਹੁੰਦੇ ਜਾ ਰਹੇ ਹਨ। ਅਜਿਹਾ ਹੀ ਮਾਮਲਾ ਜ਼ਿਲ੍ਹਾ ਬਠਿੰਡਾ ਤੋਂ ਆਇਆ, ਜਿੱਥੇ ਭਤੀਜ ਨੂੰਹ ਦੇ ਇਸ਼ਕ ਵਿੱਚ ਅੰਨ੍ਹੇ ਹੋਏ ਫੁੱਫੜ ਨੇ ਆਪਣੇ ਭਤੀਜੇ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਜਿਸ ਤੋਂ ਬਾਅਦ ਮ੍ਰਿਤਕ ਦੇ ਫੁੱਫੜ ਨੇ ਇਸ ਕਤਲ ਨੂੰ ਐਕਸੀਡੈਂਟ ਦਾ ਰੂਪ ਦੇਣ ਲਈ ਭਤੀਜੇ ਉੱਤੇ ਟਰਾਲਾ ਚੜ੍ਹਾ ਦਿੱਤਾ। ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਪਤਾ ਚੱਲਿਆ ਕਿ ਇਹ ਕਤਲ ਸੀ। ਜਿਸ ਤੋਂ ਬਾਅਦ ਪੁਲਿਸ ਨੇ ਫੁੱਫੜ ਸਣੇ 3 ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ।
9 ਮਾਰਚ ਨੂੰ ਨੌਜਵਾਨ ਦੀ ਮਿਲੀ ਲਾਸ਼:- ਇਸ ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ, ਐਸ.ਐਸ.ਪੀ ਬਠਿੰਡਾ ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ 9 ਮਾਰਚ ਨੂੰ ਬਠਿੰਡਾ-ਮਲੋਟ ਰੋਡ ਉੱਤੇ ਅੰਬੂਜਾ ਸੀਮੇਂਟ ਸੈਕਟਰੀ ਕੋਰ ਲਖਵੀਰ ਸਿੰਘ ਵਾਸੀ ਗਿੱਦੜਬਾਹਾ ਦੀ ਲਾਸ਼ ਮਿਲੀ ਸੀ। ਜਿਸ ਸਬੰਧੀ ਪੁਲਿਸ ਵੱਲੋਂ 304 ਏ ਤਹਿਤ ਅਣਪਛਾਤੇ ਵਾਹਨ ਅਤੇ ਡਰਾਈਵਰ ਖ਼ਿਲਾਫ਼ ਮਾਮਲਾ ਦਰਜ ਕੀਤਾ ਸੀ। ਪਰ ਇਹ ਐਕਸੀਡੈਂਟ ਦੀ ਘਟਨਾ ਸ਼ੱਕੀ ਜਾਪ ਰਹੀ ਸੀ।
ਫੁੱਫੜ ਵੱਲੋਂ ਭਤੀਜੇ ਦਾ ਕਤਲ:- ਐਸ.ਐਸ.ਪੀ ਬਠਿੰਡਾ ਗੁਲਨੀਤ ਸਿੰਘ ਖੁਰਾਣਾ ਨੇ ਕਿਹਾ ਕਿ ਜਦੋਂ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਗਈ ਤਾਂ ਇਹ ਗੱਲ ਸਾਹਮਣੇ ਆਈ ਕਿ ਇਹ ਐਕਸੀਡੈਂਟ ਨਹੀਂ ਬਲਕਿ ਸੋਚੀ ਸਮਝੀ ਸ਼ਾਜਿਸ ਤਹਿਤ ਲਖਵੀਰ ਸਿੰਘ ਦਾ ਕਤਲ ਕੀਤਾ ਗਿਆ। ਜਦੋਂ ਡੂੰਘਾਈ ਨਾਲ ਇਸ ਮਾਮਲੇ ਦੀ ਜਾਂਚ ਕੀਤੀ ਤਾਂ ਇਹ ਗੱਲ ਸਾਹਮਣੇ ਆਈ ਕਿ ਲਖਵੀਰ ਸਿੰਘ ਦੇ ਫੁੱਫੜ ਜਸਵਿੰਦਰ ਸਿੰਘ ਵੱਲੋਂ ਇਹ ਕਤਲ ਜਤਿੰਦਰ ਸਿੰਘ ਅਤੇ ਰੁਪਿੰਦਰ ਸਿੰਘ ਨਾਲ ਮਿਲ ਕੇ ਕੀਤਾ ਗਿਆ ਹੈ।
ਕਤਲ ਦੀ ਘਟਨਾ ਨੂੰ ਐਕਸੀਡੈਂਟ ਦਾ ਰੂਪ ਦਿੱਤਾ:- ਐਸ.ਐਸ.ਪੀ ਬਠਿੰਡਾ ਗੁਲਨੀਤ ਸਿੰਘ ਖੁਰਾਣਾ ਨੇ ਕਿਹਾ ਕਿ ਮ੍ਰਿਤਕ ਲਖਵੀਰ ਸਿੰਘ ਦਾ ਰਿਸ਼ਤਾ ਫੁੱਫੜ ਜਸਵਿੰਦਰ ਸਿੰਘ ਵੱਲੋਂ ਕਰਵਾਇਆ ਗਿਆ ਸੀ ਅਤੇ ਲਖਵੀਰ ਦੀ ਪਤਨੀ ਨਾਲ ਜਸਵਿੰਦਰ ਸਿੰਘ ਦੇ ਨਜਾਇਜ਼ ਸਬੰਧ ਸਨ। ਜਿਸ ਦੇ ਚੱਲਦੇ ਜਸਵਿੰਦਰ ਸਿੰਘ ਵੱਲੋਂ ਇਸ ਕਤਲ ਕਾਂਡ ਨੂੰ ਆਪਣੇ 2 ਸਾਥੀਆਂ ਨਾਲ ਮਿਲਕੇ ਅੰਜ਼ਾਮ ਦਿੱਤਾ। ਉਹਨਾਂ ਕਿਹਾ ਕਿ ਪਹਿਲਾਂ ਸਾਜ਼ਿਸ ਤਹਿਤ ਲਖਵੀਰ ਸਿੰਘ ਨੂੰ ਬੁਲਾਇਆ ਗਿਆ, ਫਿਰ ਰਾਡਾਂ ਨਾਲ ਹਮਲਾ ਕਰਕੇ ਉਸ ਉੱਪਰ ਦੀ ਟਰਾਲਾ ਚੜ੍ਹਾ ਦਿੱਤਾ ਤਾਂ ਜੋ ਕਤਲ ਦੀ ਘਟਨਾ ਨੂੰ ਐਕਸੀਡੈਂਟ ਦਾ ਰੂਪ ਦਿੱਤਾ ਜਾ ਸਕੇ। ਪੁਲਿਸ ਨੇ ਇਸ ਮਾਮਲੇ ਵਿੱਚ ਤਿੰਨ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਕਤਲ ਕਾਂਡ ਵਿੱਚ ਵਰਤਿਆ ਗਿਆ ਟਰਾਲਾ ਤੇ ਰਾਡ ਵੀ ਬਰਾਮਦ ਕਰ ਲਈ ਹੈ।
ਇਹ ਵੀ ਪੜ੍ਹੋ:- Obscene act in Metro: ਦਿੱਲੀ ਮੈਟਰੋ ਵਿੱਚ ਅਸ਼ਲੀਲ ਹਰਕਤ ਕਰਨ ਵਾਲੇ ਖ਼ਿਲਾਫ਼ ਮਾਮਲਾ ਦਰਜ, ਸਵਾਤੀ ਮਾਲੀਵਾਲ ਨੇ ਲਿਆ ਨੋਟਿਸ