ਬਠਿੰਡਾ: ਸਰਹਿੰਦ ਨਹਿਰ ਦੇ ਰਜਵਾਹੇ ਭਾਈ ਮਤੀ ਦਾਸ ਨਗਰ ਵਿੱਚ ਇੱਕ 15 ਸਾਲ ਦੇ ਮੁੰਡੇ ਦੀ ਲਾਸ਼ ਬਰਾਮਦ ਹੋਈ ਹੈ। ਮ੍ਰਿਤਕ ਦੀ ਸ਼ਨਾਖਤ ਸੋਨੂੰ ਵਜੋਂ ਹੋਈ ਹੈ ਜੋ ਕਿ ਬਠਿੰਡਾ ਦੀ ਧੋਬੀਆਣਾ ਬਸਤੀ ਦਾ ਰਹਿਣ ਵਾਲਾ ਸੀ।
ਜਾਣਕਾਰੀ ਮੁਤਾਬਕ ਨਹਿਰ ਵਿੱਚ ਨਹਾਉਣ ਗਏ ਮੁੰਡੇ ਸੋਨੂੰ ਦੇ ਨਾਲ ਉਸ ਦੇ ਪੰਜ ਸਾਥੀ ਵੀ ਸਨ, ਪਰ ਸੋਨੂੰ ਦੇ ਡੁੱਬਣ ਤੋਂ ਬਾਅਦ ਉਸ ਦੇ ਸਾਥੀ ਉਸ ਨੂੰ ਛੱਡ ਕੇ ਭੱਜ ਗਏ।
ਸਥਾਨਕ ਨਿਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲਣ ਉਪਰੰਤ ਉਹ ਦੋ ਘੰਟੇ ਤੱਕ ਪਾਣੀ ਵਿੱਚੋਂ ਲਾਸ਼ ਨੂੰ ਕੱਢਣ ਦੇ ਲਈ ਕੋਸ਼ਿਸ਼ ਕਰਦੇ ਰਹੇ, ਜਿਸ ਤੋਂ ਬਾਅਦ ਸਹਾਰਾ ਜਨ ਸੇਵਾ ਮੈਂਬਰਾਂ ਵੱਲੋਂ ਵੀ ਮੌਕੇ ਉੱਤੇ ਪਹੁੰਚ ਕੇ ਉਸ ਦੀ ਦੀ ਭਾਲ ਕੀਤੀ ਗਈ। ਸਥਾਨਕ ਨਿਵਾਸੀਆਂ ਨੇ ਦੱਸਿਆ ਕਿ ਲਾਸ਼ ਨੂੰ ਜਲਦ ਇੱਕ ਐਂਬੂਲੈਂਸ ਰਾਹੀਂ ਹਸਪਤਾਲ ਪਹੁੰਚਾਇਆ ਗਿਆ।
ਮ੍ਰਿਤਕ ਸੋਨੂੰ ਦੇ ਵੱਡੇ ਭਰਾ ਨੇ ਦੱਸਿਆ ਕਿ ਉਨ੍ਹਾਂ ਨੂੰ ਪਤਾ ਲੱਗਿਆ ਸੀ ਕਿ ਉਹ ਨਹਿਰ ਵਿੱਚ ਨਹਾਉਣ ਲਈ ਗਏ ਸਨ ਤਾਂ ਉਨ੍ਹਾਂ ਨੇ ਰਜਬਾਹੇ ਵਿੱਚ ਹਰ ਥਾਂ ਭਾਲ ਕੀਤੀ, ਪਰ ਉਸ ਦੀ ਕੋਈ ਵੀ ਸੂਹ ਨਾ ਲੱਗੀ। ਉਸ ਨੇ ਦੱਸਿਆ ਕਿ ਉਹ ਅੱਜ ਸਵੇਰੇ 11 ਵਜੇ ਆਪਣੇ ਸਾਥੀਆਂ ਦੇ ਨਾਲ ਰਜਬਾਹੇ ਵਿੱਚ ਨਹਾਉਣ ਦੇ ਲਈ ਗਿਆ ਸੀ।
ਉੱਥੇ ਹੀ ਸਹਾਰਾ ਜਨ ਸੇਵਾ ਦੇ ਮੈਂਬਰ ਜੱਗਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਕੀਤੇ ਗਏ ਦੋ ਘੰਟੇ ਦੇ ਬਚਾਅ ਕਾਰਜ ਤੋਂ ਬਾਅਦ ਮ੍ਰਿਤਕ ਸੋਨੂੰ ਦੀ ਲਾਸ਼ ਬਰਾਮਦ ਹੋਈ ਅਤੇ ਲਾਸ਼ ਨੂੰ ਉਪਰੰਤ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਵਿੱਚ ਲਿਆਂਦਾ ਗਿਆ ਹੈ।
ਜਾਂਚ ਅਧਿਕਾਰੀ ਚਰਨਜੀਤ ਸਿੰਘ ਵੱਲੋਂ ਪੁਸ਼ਟੀ ਕਰਦਿਆਂ ਕਿਹਾ ਕਿ ਪ੍ਰਵਾਸੀ ਸੋਨੂੰ ਉਮਰ ਕਰੀਬ ਪੰਦਰਾਂ ਸਾਲ ਦੀ ਹੈ ਜੋ ਆਪਣੇ ਸਾਥੀਆਂ ਨਾਲ ਰਜਬਾਹੇ ਵਿੱਚ ਨਹਾਉਣ ਲਈ ਗਿਆ ਸੀ, ਜਿਸ ਦੌਰਾਨ ਉਸ ਦੀ ਮੌਤ ਹੋ ਗਈ। ਉਨ੍ਹਾਂ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਅਤੇ ਉਸ ਤੋਂ ਬਾਅਦ ਹੀ ਅਗਲੇਰੀ ਕਾਰਵਾਈ ਕੀਤੀ ਜਾਵੇਗੀ।