ਬਠਿੰਡਾ: ਪੰਜਾਬ ਵਿੱਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਆਪਸੀ ਗਠਜੋੜ ਨਾ ਹੋਣ ਦੀਆਂ ਚਰਚਾਵਾਂ ਉੱਤੇ ਸਾਬਕਾ ਕੇਂਦਰੀ ਮੰਤਰੀ ਅਤੇ ਮੌਜੂਦਾ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਨਿਸ਼ਾਨੇ ਸਾਧੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਖੁਸ਼ ਕਰਨ ਲਈ ਕਿਸੇ ਨਾਲ ਵੀ ਗੱਠਜੋੜ ਕਰਨ ਲਈ ਤਿਆਰ ਹਨ ਅਤੇ ਕਾਂਗਰਸ ਅਤੇ 'ਆਪ' ਆਪਸ ਵਿੱਚ ਅੰਦਰ ਖਾਤੇ ਮਿਲੀਆਂ ਹੋਈਆਂ ਪਾਰਟੀਆਂ ਹਨ। ਇਹ ਦੋਵਾਂ ਪਾਰਟੀਆਂ ਆਪਸੀ ਵਿੱਚ ਸਾਂਝਾ ਮੈਚ ਖੇਡ ਕੇ ਲੋਕਾਂ ਨੂੰ ਲੁੱਟ ਰਹੀਆਂ ਨੇ ਅਤੇ ਸੂਬੇ ਦੇ ਲੋਕਾਂ ਨੂੰ ਗੁੰਮਰਾਹ ਕਰ ਰਹੀਆਂ ਹਨ।
ਕੇਜਰੀਵਾਲ ਅਤੇ ਰਾਹੁਲ ਗਾਂਧੀ ਦਾ ਗੱਠਜੋੜ: ਕਾਂਗਰਸ ਆਗੂ ਨਵਜੋਤ ਸਿੱਧੂ ਵੱਲੋਂ ਲੋਕ ਸਭਾ ਹਲਕਾ ਬਠਿੰਡਾ ਵਿਖੇ 'ਆਪ' ਮੁਹਾਰੇ ਕੀਤੀਆਂ ਜਾ ਰਹੀਆਂ ਰੈਲੀਆਂ ਉੱਤੇ ਹਰਸਿਮਰਤ ਕੌਰ ਬਾਦਲ ਨੇ ਕਿਹਾ ਕੀ ਕਾਂਗਰਸੀ ਆਪਸ ਵਿੱਚ ਹੀ ਕਾਟੋ-ਕਲੇਸ਼ ਪਾਈ ਫਿਰਦੇ ਹਨ। ਇੱਕ ਪਾਸੇ ਕਾਂਗਰਸ ਦੋਫਾੜ ਹੋਈ ਪਈ ਹੈ ਦੂਜੇ ਪਾਸੇ ਸੂਬੇ ਦੇ ਸੀਐੱਮ ਭਗਵੰਤ ਮਾਨ ਅਰਵਿੰਦ ਕੇਜਰੀਵਾਲ ਨੂੰ ਖੁਸ਼ ਕਰਕੇ ਆਪਣੀ ਕੁਰਸੀ ਬਚਾਉਣ ਲਈ ਪੰਜਾਬ ਨੂੰ ਕਰਜਾਈ ਕਰ ਰਹੇ ਹਨ। ਦੂਜੇ ਪਾਸੇ ਦਿੱਲੀ ਵਿੱਚ ਕੇਜਰੀਵਾਲ ਅਤੇ ਰਾਹੁਲ ਗਾਂਧੀ ਦਾ ਗੱਠਜੋੜ ਹੋ ਗਿਆ ਹੈ।
ਅਕਾਲੀ ਦਲ ਖ਼ਿਲਾਫ਼ ਭੰਡੀ ਪ੍ਰਚਾਰ: ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਇਹ ਪਹਿਲਾਂ ਵੀ ਇਕੱਠੇ ਹੀ ਸਨ। ਇਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਖਿਲਾਫ ਭੰਡੀ ਪ੍ਰਚਾਰ ਕਰਕੇ ਲੋਕਾਂ ਦੇ ਮਨਾਂ ਵਿੱਚ ਨਫਰਤ ਪੈਦਾ ਕਰਕੇ ਝੂਠੇ ਇਲਜ਼ਾਮ ਲਾਕੇ ਸੱਤਾ ਦਾ ਲਾਹਾ ਲਿਆ। ਉਨ੍ਹਾਂ ਕਿਹਾ ਕਿ ਝੂਠੇ ਲਾਰੇ, ਝੂਠੇ ਵਾਅਦੇ ਅਤੇ ਝੂਠੇ ਭੰਡੀ ਪ੍ਰਚਾਰ ਦੇ ਸਿਰ ਉੱਤੇ ਪਹਿਲਾਂ ਪੰਜ ਸਾਲ ਕਾਂਗਰਸ ਨੇ ਰੱਜ ਕੇ ਪੰਜਾਬ ਲੁੱਟਿਆ ਅਤੇ ਆਪਣੀਆਂ ਜੇਬਾਂ ਭਰੀਆਂ ਹੁਣ ਇਹੀ ਸਭ ਮੌਜੂਦਾ ਪੰਜਾਬ ਸਰਕਾਰ ਕਰ ਰਹੀ ਹੈ।
ਲੁਕਦੇ ਫਿਰਦੇ ਹਨ ਕੱਟੜ ਇਮਾਨਦਾਰ: ਅਰਵਿੰਦ ਕੇਜਰੀਵਾਲ ਨੂੰ ਈਡੀ ਵੱਲੋਂ ਭੇਜੇ ਜਾ ਰਹੇ ਨੋਟਿਸ ਉੱਤੇ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਜੇਕਰ ਉਹ ਸਹੀ ਹਨ ਤਾਂ ਈਡੀ ਸਾਹਮਣੇ ਪੇਸ਼ ਹੋਣ ਤੋਂ ਭੱਜ ਕਿਉਂ ਰਹੇ ਹਨ। ਸ਼ਰਾਬ ਦਾ ਬਹੁਤ ਵੱਡਾ ਘੁਟਾਲਾ ਕੱਟੜ ਇਮਾਨਦਾਰ ਸਰਕਾਰ ਦੇ ਮੋਹਰੀ ਲੀਡਰ ਨੇ ਆਪਣੇ ਸਾਥੀਆਂ ਨਾਲ ਰਲ ਕੇ ਕੀਤਾ ਹੈ ਅਤੇ ਹੁਣ ਕਰਮਾਂ ਦੀ ਸਜ਼ਾ ਭੁਗਤਣ ਦੇ ਸਮੇਂ ਲੁਕਦੇ ਫਿਰਦੇ ਹਨ। ਉਨ੍ਹਾਂ ਕਿਹਾ ਕਿ ਘੁਟਾਲੇ ਤਾਂ ਪੰਜਾਬ ਵਿੱਚ ਵੀ ਹੋ ਰਹੇ ਨੇ ਪਰ ਕੇਂਦਰੀ ਏਜੰਸੀਆਂ ਪੰਜਾਬ ਦੇ ਲੀਡਰਾਂ ਉੱਤੇ ਨੱਥ ਨਹੀਂ ਪਾ ਰਹੀਆਂ।