ਬਠਿੰਡਾ: ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ (AGTF) ਨੇ ਐਤਵਾਰ ਨੂੰ ਜੇਲ੍ਹ ਵਿੱਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਕੈਨੇਡੀਅਨ ਗੈਂਗਸਟਰ ਗੋਲਡੀ ਬਰਾੜ ਦੇ ਤਿੰਨ ਨਜ਼ਦੀਕੀ ਸਾਥੀਆਂ ਨੂੰ ਬਠਿੰਡਾ ਤੋਂ ਗ੍ਰਿਫ਼ਤਾਰ ਕੀਤਾ ਹੈ। ਫੜੇ ਗਏ ਮੁਲਜ਼ਮਾਂ ਦੀ ਪਛਾਣ ਲਵਪ੍ਰੀਤ ਸਿੰਘ ਉਰਫ ਸਚਿਨ ਵਾਸੀ ਪਿੰਡ ਚਰੇਵਾਂ, ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਝੋਰੜ ਦੇ ਹਿੰਮਤਵੀਰ ਸਿੰਘ ਗਿੱਲ ਅਤੇ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਚੱਕ ਦੁਖੇ ਵਾਲਾ ਦੇ ਬਲਕਰਨ ਉਰਫ ਵਿੱਕੀ ਵਜੋਂ ਹੋਈ ਹੈ। ਪੁਲਿਸ ਨੇ ਇਨ੍ਹਾਂ ਦੇ ਕਬਜ਼ੇ ਵਿੱਚੋਂ ਦੋ 30 ਕੈਲੀਬਰ ਦੇ ਪਿਸਤੌਲ, ਦੋ 32 ਕੈਲੀਬਰ ਦੇ ਪਿਸਤੌਲ, 20 ਕਾਰਤੂਸ ਅਤੇ ਇੱਕ ਚਿੱਟੇ ਰੰਗ ਦੀ ਆਈ 20 ਕਾਰ ਵੀ ਬਰਾਮਦ ਕੀਤੀ ਹੈ।
ਗੈਂਗਸਟਰਾਂ ਨੂੰ ਨੱਥ ਪਾਉਣ ਲਈ AGTF ਦਾ ਕੀਤਾ ਹੈ ਗਠਨ: ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਨੇ ਹਾਲ ਹੀ ਵਿੱਚ ਗੈਂਗਸਟਰਾਂ ਖ਼ਿਲਾਫ਼ ਕਾਰਵਾਈ ਵਿੱਚ ਤੇਜ਼ੀ ਲਿਆਉਣ ਲਈ ਡੀਜੀਪੀ ਪੰਜਾਬ ਵੀਕੇ ਭਾਵਰਾ ਦੀ ਅਗਵਾਈ ਹੇਠ ਏਡੀਜੀਪੀ ਪ੍ਰੋਮੋ ਬੈਨ ਦੀ ਅਗਵਾਈ ਵਿੱਚ ਇੱਕ ਏਜੀਟੀਐਫ ਦਾ ਗਠਨ ਕੀਤਾ ਹੈ।
ਬਠਿੰਡਾ ਤੋਂ ਗੈਂਗਸਟਰਾਂ ਦੇ 3 ਸਾਥੀ ਗ੍ਰਿਫਤਾਰ: ਜਾਣਕਾਰੀ ਦਿੰਦਿਆਂ ਡੀ.ਆਈ.ਜੀ.ਏ.ਜੀ.ਟੀ.ਐਫ. ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਭਰੋਸੇਮੰਦ ਸੂਚਨਾਵਾਂ ਤੋਂ ਬਾਅਦ, ਬਠਿੰਡਾ ਤੋਂ ਏ.ਜੀ.ਟੀ.ਐਫ ਦੀ ਟੀਮ ਨੇ ਤਿੰਨੋਂ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ ਜੋ ਮਾਲਵਾ ਖੇਤਰ ਦੇ ਇੱਕ ਉੱਘੇ ਵਪਾਰੀ ਤੋਂ ਪੈਸੇ ਵਸੂਲਣ ਲਈ ਹਮਲਾ ਕਰਨ ਦੀ ਯੋਜਨਾ ਬਣਾ ਰਹੇ ਸਨ। ਉਨ੍ਹਾਂ ਕਿਹਾ ਕਿ ਇੰਨ੍ਹਾਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਨਾਲ ਇੱਕ ਸਨਸਨੀਖੇਜ਼ ਅਪਰਾਧ ਨੂੰ ਰੋਕਿਆ ਗਿਆ ਹੈ।
ਅਪਰਾਧਿਕ ਮਾਮਲਿਆਂ ਨਾਲ ਜੁੜੇ ਮੁਲਜ਼ਮ: ਡੀਆਈਜੀ ਭੁੱਲਰ ਨੇ ਦੱਸਿਆ ਕਿ ਤਿੰਨੋਂ ਮੁਲਜ਼ਮਾਂ ਦਾ ਅਪਰਾਧਿਕ ਪਿਛੋਕੜ ਹੈ, ਜਦਕਿ ਸਚਿਨ ਅਤੇ ਹਿੰਮਤਵੀਰ ਗੁਆਂਢੀ ਰਾਜਾਂ ਪੰਜਾਬ, ਹਰਿਆਣਾ ਅਤੇ ਦਿੱਲੀ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਨਾਜਾਇਜ਼ ਹਥਿਆਰਾਂ ਦੀ ਤਸਕਰੀ ਵਿੱਚ ਸ਼ਾਮਲ ਸਨ। ਉਨ੍ਹਾਂ ਦੱਸਿਆ ਕਿ ਉਹ ਦੂਜੇ ਰਾਜਾਂ ਤੋਂ ਗਿਰੋਹ ਲਈ ਹਥਿਆਰ ਖਰੀਦ ਕੇ ਆਪਣੇ ਸਾਥੀਆਂ ਨੂੰ ਨਿਸ਼ਾਨਾ ਬਣਾਉਣ ਲਈ ਦਿੰਦਾ ਸੀ। ਡੀਆਈਜੀ ਨੇ ਦੱਸਿਆ ਕਿ ਕੈਨੇਡੀਅਨ ਗੈਂਗਸਟਰ ਗੋਲਡੀ ਬਰਾੜ ਅਤੇ ਲਾਰੈਂਸ ਬਿਸ਼ਨੋਈ ਦੇ ਛੋਟੇ ਭਰਾ ਅਨਮੋਲ ਬਿਸ਼ਨੋਈ ਦੇ ਨਿਰਦੇਸ਼ਾਂ 'ਤੇ ਉਹ ਰਾਸ਼ਟਰੀ ਰਾਜਧਾਨੀ ਖੇਤਰ (ਐਨਸੀਆਰ) ਦੇ ਭਗੌੜੇ ਗੈਂਗਸਟਰਾਂ ਨੂੰ ਛੁਪਣਗਾਹਾਂ ਪ੍ਰਦਾਨ ਕਰ ਰਹੇ ਸਨ।
ਪੁਲਿਸ ਵੱਲੋਂ ਵੱਡੇ ਖੁਲਾਸੇ: ਉਨ੍ਹਾਂ ਕਿਹਾ ਕਿ, "ਹਾਲ ਹੀ ਵਿੱਚ ਸਪੈਸ਼ਲ ਸੈੱਲ ਦਿੱਲੀ ਦੀ ਕਾਊਂਟਰ ਇੰਟੈਲੀਜੈਂਸ ਯੂਨਿਟ ਨੇ ਇੱਕ ਲੋੜੀਂਦੇ ਗੈਂਗਸਟਰ ਸ਼ਾਰੁਖ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਨੂੰ ਸਚਿਨ ਅਤੇ ਉਸਦੇ ਸਾਥੀਆਂ ਦੁਆਰਾ ਪੰਜਾਬ ਵਿੱਚ ਛੁਪਣਗਾਹ ਮੁਹੱਈਆ ਕਰਵਾਈ ਗਈ ਸੀ।" ਇਸੇ ਦੌਰਾਨ ਥਾਣਾ ਸਿਵਲ ਲਾਈਨ ਬਠਿੰਡਾ ਵਿਖੇ 01-05-2022 ਨੂੰ ਅਸਲਾ ਐਕਟ ਦੀ ਧਾਰਾ 25 (7) ਅਤੇ (8) ਤਹਿਤ 01.05.2022 ਨੂੰ ਐਫਆਈਆਰ ਦਰਜ ਕੀਤੀ ਗਈ ਹੈ ਅਤੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਪਟਿਆਲਾ ਹਿੰਸਾ ਮਾਮਲਾ: 5 ਦਿਨਾਂ ਦੇ ਪੁਲਿਸ ਰਿਮਾਂਡ 'ਤੇ ਬਰਜਿੰਦਰ ਸਿੰਘ ਪਰਵਾਨਾ