ਬਠਿੰਡਾ: ਅੱਜ ਦੀ ਨੌਜਵਾਨ ਪੀੜ੍ਹੀ ਨਸ਼ਿਆਂ ਦੀ ਦਲਦਲ ਵਿੱਚ ਫਸਦੀ ਜਾ ਰਹੀ ਹੈ। ਬਹੁਤ ਸਾਰੇ ਨੌਜਵਾਨ ਨਸ਼ਾ ਛੱਡਣ ਦੀ ਕੋਸ਼ਿਸ਼ ਵੀ ਕਰ ਰਹੇ ਹਨ ਜਿਸ ਲਈ ਉਹ OAAT ਸੈਂਟਰ ਵਿੱਚ ਆਪਣਾ ਇਲਾਜ ਕਰਵਾ ਰਹੇ ਹਨ।
ਬਠਿੰਡਾ ਸਥਿਤ OAAT ਸੈਂਟਰ ਵਿੱਚ ਤੈਨਾਤ ਡਾ. ਦੀਪਿਕਾ ਨਾਲ ਨਸ਼ਿਆਂ ਨੂੰ ਲੈ ਕੇ ਗੱਲਬਾਤ ਕੀਤੀ ਗਈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਕਿਸੇ ਵੀ ਤਰ੍ਹਾਂ ਦਾ ਨਸ਼ਾ ਛੱਡਣਾ ਆਸਾਨ ਹੈ ਪਰ ਇਸ ਲਈ ਦਿੜ੍ਹ ਹੋਣਾ ਪਵੇਗਾ।
ਡਾ. ਦੀਪਿਕਾ ਨੇ ਦੱਸਿਆ ਕਿ ਉਨ੍ਹਾਂ ਦੇ ਸੈਂਟਰ ਵਿੱਚ 7 ਹਜ਼ਾਰ ਦੇ ਕਰੀਬ ਮਰੀਜ਼ ਰਜਿਸਟਰਡ ਹਨ ਜੋ ਕਿ ਨਸ਼ਾ ਛੱਡਣ ਲਈ ਦਵਾਈ ਲੈ ਕੇ ਆਪਣੇ ਘਰ ਚਲੇ ਜਾਂਦੇ ਹਨ। ਨਸ਼ਾ ਛੱਡਣ ਵਾਲੇ ਵਿਅਕਤੀ ਦੀ ਪਹਿਲਾਂ ਕਾਊਂਸਲਿੰਗ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਸਾਰੇ ਹੀ ਤਰ੍ਹਾਂ ਦੇ ਟੈਸਟ ਕੀਤੇ ਜਾਂਦੇ ਹਨ ਜੋ ਕਿ ਬਿਲਕੁਲ ਮੁਫ਼ਤ ਹਨ।
OAAT ਸੈਂਟਰ ਤੋਂ ਇਲਾਵਾ ਨਸ਼ਾ ਛੁਡਾਊ ਸੈਂਟਰ ਦੇ ਵਿੱਚ ਵੀ ਨਸ਼ਾ ਛੱਡਣ ਵਾਲੇ ਹਰ ਮਰੀਜ਼ ਦੀ ਚੰਗੀ ਤਰ੍ਹਾਂ ਦੇਖ ਭਾਲ ਕੀਤੀ ਜਾਂਦੀ ਹੈ, ਉਨ੍ਹਾਂ ਦੇ ਖਾਣੇ ਦਾ ਪ੍ਰਬੰਧ ਵੀ ਸੈਂਟਰ ਕਰਦਾ ਹੈ।
ਡਾ. ਦੀਪਿਕਾ ਨੇ ਕਿਹਾ ਕਿ 7 ਹਜ਼ਾਰ ਮਰੀਜ਼ਾਂ ਦਾ ਸਾਰਾ ਰਿਕਾਰਡ ਉਨ੍ਹਾਂ ਦੇ ਵਿਭਾਗ ਕੋਲ ਹੈ। ਤਾਲਾਬੰਦੀ ਦੌਰਾਨ ਮਰੀਜ਼ਾਂ ਦੀ ਕਾਫ਼ੀ ਗਿਣਤੀ ਸੀ ਜੋ ਕਿ ਨਸ਼ਾ ਛੁਡਵਾਉਣਾ ਚਾਹੁੰਦੇ ਸਨ।