ਬਠਿੰਡਾ: ਬਠਿੰਡਾ ਵਿੱਚ ਸਿਵਲ ਲਾਈਨ ਕਲੱਬ ਨੂੰ ਲੈ ਕੇ 2 ਪਾਰਟੀਆਂ ਦੇ ਵਿਚਾਲੇ ਚੱਲ ਰਹੇ ਵਿਵਾਦ ਦੇ ਚੱਲਦਿਆਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਧਾਰਾ 145 ਲਗਾਈ ਗਈ ਸੀ। ਇਸ ਦੇ ਬਾਵਜੂਦ ਵੀ ਤਲਵੰਡੀ ਸਾਬੋ ਦੇ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਵੱਲੋਂ ਸਿਵਲ ਲਾਈਨ ਕਲੱਬ ਦੇ ਵਿੱਚ 20 ਅਕਤੂਬਰ ਨੂੰ ਧਾਰਮਿਕ ਸਮਾਰੋਹ ਕਰਵਾਉਣ ਦੀ ਤਿਆਰੀ ਕੀਤੀ ਜਾ ਰਹੀ ਸੀ। ਦੱਸ ਦਈਏ ਕਿ ਮਾਮਲਾ ਇੰਨਾ ਭੱਖ਼ਿਆ ਹੈ ਕਿ ਪੁਲਿਸ ਨੇ ਬਠਿੰਡਾ ਦੇ ਸਿਵਲ ਲਾਈਨ ਕਲੱਬ ਨੂੰ ਸੀਲ ਕਰ ਦਿੱਤਾ ਹੈ।
ਇਸ ਤੋਂ ਬਾਅਦ ਸੰਤ ਬਲਜੀਤ ਸਿੰਘ ਦਾਦੂਵਾਲ ਨੂੰ ਤਲਵੰਡੀ ਸਾਬੋ ਤੋਂ ਬਠਿੰਡਾ ਸੀਆਈਏ ਟੂ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਸੀ ਅਤੇ ਉਨ੍ਹਾਂ ਦੀ ਜ਼ਮਾਨਤ ਰੱਦ ਕਰਕੇ 23 ਅਕਤੂਬਰ ਤੱਕ ਕੇਂਦਰੀ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਹੈ।
ਉਸ ਤੋਂ ਬਾਅਦ ਅੱਜ ਐਤਵਾਰ ਨੂੰ ਪੁਲਿਸ ਵੱਲੋਂ ਭਾਈ ਮੋਹਕਮ ਸਿੰਘ, ਭਾਈ ਬਲਵੰਤ ਸਿੰਘ ਗੋਪਾਲਾ, ਭਾਈ ਵੱਸਣ ਸਿੰਘ ਜਫਰਵਾਲ, ਭਾਈ ਸਤਨਾਮ ਸਿੰਘ ਮਨਾਵਾਂ, ਭਾਈ ਪ੍ਰਤਾਪ ਸਿੰਘ ਫੌਜੀ, ਭਾਈ ਨਰਾਇਣ ਸਿੰਘ ਚੌੜਾ, ਭਾਈ ਜਸਬੀਰ ਸਿੰਘ ਮੰਡਿਆਲਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਤਾਂ ਜੋ ਇਨ੍ਹਾਂ ਆਗੂਆਂ ਵੱਲੋਂ ਭੜਕਾਊ ਬਿਆਨਬਾਜ਼ੀ ਕਰ ਕੇ ਜਾਂ ਕਿਸੇ ਪ੍ਰਕਾਰ ਦੀ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ।
ਦੂਜੇ ਪਾਸੇ ਬਠਿੰਡਾ ਸਿਵਲ ਲਾਈਨ ਕਲੱਬ ਨੂੰ ਚਾਰੇ ਪਾਸਿਆਂ ਤੋਂ ਘੇਰਾਬੰਦੀ ਕਰਕੇ ਵੱਡੇ ਬੈਰੀਕੇਟ ਵੀ ਲਗਾਏ ਗਏ ਹਨ ਅਤੇ ਆਉਣ ਜਾਣ ਵਾਲੇ ਲੋਕਾਂ ਦੀ ਚੈਕਿੰਗ ਵੀ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: 550ਵਾਂ ਪ੍ਰਕਾਸ਼ ਪੁਰਬ: ਨਵੀਂ ਦਿੱਲੀ ਤੋਂ ਲੋਹੀਆਂ ਖ਼ਾਸ ਤੱਕ ਚੱਲੇਗੀ ਸਪੈਸ਼ਲ ਟ੍ਰੇਨ, ਸ਼ਡਿਊਲ ਹੋਇਆ ਜਾਰੀ
ਜ਼ਿਕਰਯੋਗ ਹੈ ਕਿ ਬਠਿੰਡਾ ਦੇ ਸਿਵਲ ਲਾਈਨ ਕਲੱਬ ਵਿੱਚ ਗੁਰੂ ਨਾਨਕ ਲਾਇਬ੍ਰੇਰੀ ਵਿੱਚ ਕੁਝ ਵਿਅਕਤੀ ਕਬਜ਼ਾ ਕਰਨਾ ਚਾਹੁੰਦੇ ਹਨ। ਇਹ ਦੋਸ਼ ਬਲਜੀਤ ਸਿੰਘ ਦਾਦੂਵਾਲ ਨੇ ਬਕਾਇਦਾ ਇੱਕ ਪ੍ਰੈਸ ਕਾਨਫ਼ਰੰਸ ਕਰਕੇ ਲਗਾਇਆ ਸੀ ਜਿਸ ਤੋਂ ਬਾਅਦ ਉਨ੍ਹਾਂ ਨੇ ਕਿਹਾ ਸੀ ਕਿ 20 ਤਰੀਕ ਨੂੰ ਉਹ ਇਸ ਜਗ੍ਹਾ ਉੱਤੇ ਧਾਰਮਿਕ ਸਮਾਗਮ ਕਰਨਗੇ, ਜੇ ਇਸ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਾਂ ਫਿਰ ਪੁਲਿਸ ਪ੍ਰਸ਼ਾਸਨ ਵੱਲੋਂ ਕਿਸੇ ਤਰੀਕੇ ਨਾਲ਼ ਉਨ੍ਹਾਂ ਨੂੰ ਰੋਕਿਆ ਗਿਆ, ਤਾਂ ਉਸ ਦੀ ਜ਼ਿੰਮੇਵਾਰੀ ਬਠਿੰਡਾ ਪੁਲਿਸ ਦੀ ਹੋਵੇਗੀ ਜਿਸ ਤੋਂ ਬਾਅਦ ਬਲਜੀਤ ਸਿੰਘ ਦਾਦੂਵਾਲ ਨੂੰ ਬਠਿੰਡਾ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ।