ਬਠਿੰਡਾ: ਡੇਰਾ ਸੱਚਾ ਸੌਦਾ ਦੇ ਮੁਖੀ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਅਵਤਾਰ ਮਹੀਨੇ ਅਗਸਤ ਦੇ ਸਬੰਧ ਵਿੱਚ ਅੱਜ ਸ਼ਾਹ ਸਤਿਨਾਮ ਜੀ ਰੂਹਾਨੀ ਧਾਮ ਰਾਜਗੜ ਸਲਾਬਤਪੁਰਾ ਵਿਖੇ ਪੰਜਾਬ ਦੀ ਸਾਧ ਸੰਗਤ ਵੱਲੋਂ ਨਾਮ ਚਰਚਾ ਕਰਕੇ ਬੜੀ ਧੂਮ-ਧਾਮ ਨਾਲ ਮਨਾਇਆ ਗਿਆ।
ਇਸ ਮੌਕੇ ਸਾਧ ਸੰਗਤ ਨੇ ਪੂਜਨੀਕ ਹਜ਼ੂਰ ਪਿਤਾ ਜੀ ਵੱਲੋਂ ਗਾਏ ਸ਼ਬਦਾਂ ਤੇ ਨੱਚ ਕੇ ਖੁਸ਼ੀ ਮਨਾਈ। ਇਸੇ ਦੌਰਾਨ ਪੂਜਨੀਕ ਗੁਰੂ ਜੀ ਨੇ ਆਪਣੇ ਪਵਿੱਤਰ ਅਨਮੋਲ ਬਚਨਾਂ ਦੀ ਰਿਕਾਰਡਿੰਗ ਰਾਹੀਂ ਫਰਮਾਇਆ ਕਿ ਮਨੁੱਖੀ ਜੀਵਨ ਵਿੱਚ ਰਹਿੰਦੇ ਹੋਏ ਆਪਣੇ ਦੁਨਿਆਵੀ ਕੰਮ ਧੰਦੇ ਕਰਨ ਦੇ ਨਾਲ-ਨਾਲ ਅੱਲਾ, ਰਾਮ, ਵਾਹਿਗੁਰੂ, ਪ੍ਰਮਾਤਮਾ ਦਾ ਨਾਮ ਜਪਣਾ ਬਹੁਤ ਜ਼ਰੂਰੀ ਹੈ।
ਇਸ ਤੋਂ ਪਹਿਲਾਂ ਚੇਅਰਮੈਨ ਰਾਮ ਸਿੰਘ ਇੰਸਾਂ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਦੀ ਸਾਧ ਸੰਗਤ ਅਡੋਲ ਹੈ ਅਤੇ ਲਗਾਤਾਰ ਮਾਨਵਤਾ ਭਲਾਈ ਦੇ ਕਾਰਜ ਕਰ ਰਹੀ ਹੈ ਅਤੇ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਬਚਨਾਂ ਤੇ ਚਲਦੀ ਹੋਈ ਇਸੇ ਤਰਾਂ ਭਲਾਈ ਕਾਰਜ ਕਰਦੀ ਰਹੇਗੀ।
45 ਮੈਂਬਰ ਹਰਚਰਨ ਸਿੰਘ ਇੰਸਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੂਜਨੀਕ ਹਜ਼ੂਰ ਪਿਤਾ ਜੀ ਦੀ ਰਹਿਮਤ ਸਦਕਾ ਸਾਧ ਸੰਗਤ ਮਾਨਵਤਾ ਭਲਾਈ ਦੇ 142 ਕਾਰਜ ਲਗਾਤਾਰ ਕਰ ਰਹੀ ਹੈ, ਉਸੇ ਤਹਿਤ ਹੀ ਅੱਜ ਵੀ ਲੋੜਵੰਦਾਂ ਦੀ ਮੱਦਦ ਕਰਦਿਆਂ 55 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ ਤੇ ਇੱਕ ਲੋੜਵੰਦ ਪਰਿਵਾਰ ਨੂੰ ਬਣਾ ਕੇ ਦਿੱਤੇ ਮਕਾਨਾਂ ਦੀਆਂ ਚਾਬੀਆਂ ਸੌਂਪੀਆਂ ਗਈਆਂ।
ਮੀਡੀਆ ਵੱਲੋਂ ਕੀਤੇ ਗਏ ਇੱਕ ਸਵਾਲ ਦੇ ਜਵਾਬ ’ਚ ਹਰਚਰਨ ਸਿੰਘ ਇੰਸਾਂ ਨੇ ਆਖਿਆ ਕਿ ‘ਬੇਅਦਬੀ ਕਰਨਾ ਤਾਂ ਦੂਰ, ਉਹ ਅਜਿਹਾ ਸੋਚ ਵੀ ਨਹੀਂ ਸਕਦੇ’ ਕਿਉਂਕਿ ਸਾਡੇ ਪਿਤਾ ਜੀ ਨੇ ਸਾਨੂੰ ਕਦੇ ਵੀ ਇਸ ਤਰ੍ਹਾਂ ਦੀ ਸਿੱਖਿਆ ਨਹੀਂ ਦਿੱਤੀ, ਉਨ੍ਹਾਂ ਕਿਹਾ ਕਿ ਹਜ਼ੂਰ ਮਹਾਰਾਜ ਵੱਲੋਂ ਸਾਨੂੰ ਹਮੇਸ਼ਾ ਮਾਨਵਤਾ ਭਲਾਈ ਦੇ ਕਾਰਜ ਕਰਨ ਦੀ ਹੀ ਪ੍ਰੇਰਣਾ ਦਿੱਤੀ ਹੈ, ਜਿਸ 'ਤੇ ਸਾਰੀ ਸੰਗਤ ਉਨ੍ਹਾਂ ਦੇ ਬਚਨਾਂ ਦੀ ਪਾਲਣਾ ਕਰਦੀ ਹੈ ਅਤੇ ਕਰਦੀ ਰਹੇਗੀ।
ਇਹ ਵੀ ਪੜ੍ਹੋ: 'ਕੇਸਰੀ ਝੰਡੇ ਝਲਾਉਣ ਦਾ ਪ੍ਰੋਗਰਾਮ ਜਥੇਬੰਦੀਆਂ ਦਾ ਨਿੱਜੀ, ਅਸੀਂ ਫੈਸਲਾ 10 ਨੂੰ ਲਵਾਂਗੇ'