ਬਠਿੰਡਾ: ਪ੍ਰਸ਼ਾਸਨ ਨੇ ਪਰਾਲੀ ਸਾੜਨ ਵਾਲੇ ਕਿਸਾਨਾਂ ਖਿਲਾਫ ਸ਼ਿਕੰਜਾ ਕੱਸ ਦਿੱਤਾ ਹੈ। ਪੁਲਿਸ ਨੇ ਸੋਮਵਾਰ ਨੂੰ 49 ਕਿਸਾਨਾਂ ਖਿਲਾਫ ਮਾਮਲੇ ਦਰਜ ਕੀਤੇ। ਇਸ ਮਗਰੋਂ ਬੁੱਧਵਾਰ ਨੂੰ ਬਠਿੰਡਾ ਪੁਲੀਸ ਵੱਲੋਂ 121 ਦੇ ਕਰੀਬ ਕਿਸਾਨਾਂ ਦੇ ਖਿਲਾਫ਼ ਪਰਾਲੀ ਸਾੜਨ ਦੇ ਮਾਮਲੇ ਦਰਜ ਕੀਤੇ ਹਨ।
ਕਿਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਅਮਰਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ 120 ਤੋਂ ਵੱਧ ਕਿਸਾਨਾਂ ਤੇ ਮਾਮਲੇ ਦਰਜ ਕੀਤੇ ਹਨ। ਉਸ ਦੀ ਸਖ਼ਤ ਨਿੰਦਿਆ ਕਰਦਿਆਂ ਅਮਰਜੀਤ ਕਿਹਾ ਕਿ ਕਿਸਾਨ ਯੂਨੀਅਨ 9 ਨਵੰਬਰ ਨੂੰ ਬਠਿੰਡਾ 'ਚ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਕਿਸਾਨ ਯੂਨੀਅਨ ਦਾ ਕਹਿਣਾ ਹੈ ਕਿ ਜੇਕਰ ਪੁਲਿਸ ਨੇ ਕਿਸੇ ਕਿਸਾਨਾਂ ਧੱਕਾ ਕੀਤਾ ਤਾਂ ਉਹ ਪੁਲਿਸ ਅਤੇ ਥਾਣੇ ਦਾ ਘਿਰਾਓ ਕਰਨਗੇ।
ਗੱਲਬਾਤ ਕਰਦਿਆਂ ਬਠਿੰਡਾ ਦੇ ਡਿਪਟੀ ਕਮਿਸ਼ਨਰ ਬੀ ਸ੍ਰੀਨਿਵਾਸਨ ਨੇ ਦੱਸਿਆ ਕਿ ਪਰਾਲੀ ਸਾੜਨ ਦੀਆਂ ਕਰੀਬ 3 ਹਜ਼ਾਰ ਸ਼ਿਕਾਇਤਾਂ ਉਨ੍ਹਾਂ ਦੇ ਖੁੱਲਿਆ ਚੁੱਕੀਆਂ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਦੀ ਲਗਾਤਾਰ ਹਰ ਸਥਿਤੀ 'ਤੇ ਨਜ਼ਰ ਹੈ ਅਤੇ ਕੱਲ੍ਹ ਪੁਲਿਸ ਵੱਲੋਂ 5 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।
ਜਾਣਕਾਰੀ ਮੁਤਾਬਕ ਬਠਿੰਡਾ ਜ਼ਿਲ੍ਹੇ ’ਚ ਹੁਣ ਤੱਕ 298 ਚਲਾਨ ਕਰਕੇ 9 ਲੱਖ 58 ਹਜ਼ਾਰ 500 ਰੁਪਏ ਜ਼ੁਰਮਾਨਾ ਕੀਤਾ ਗਿਆ ਹੈ। ਪ੍ਰਸ਼ਾਸ਼ਨ ਨੇ ਪਹਿਲੀ ਵਾਰ ਬਿਨਾਂ ਐਸ.ਐਮ.ਐਸ. ਯੰਤਰ ਦੇ ਝੋਨੇ ਦੀ ਕਟਾਈ ਕਰਨ ਵਾਲੀਆਂ 15 ਕੰਬਾਇਨਾਂ ਦੇ ਮਾਲਕਾਂ ਨੂੰ 30 ਲੱਖ ਰੁਪਏ ਦਾ ਮੋਟਾ ਜ਼ੁਰਮਾਨਾ ਵੀ ਕੀਤਾ ਹੈ ਅਤੇ ਜ਼ਿਲ੍ਹਾ ਪੁਲਿਸ ਨੂੰ ਕੰਬਾਇਨਾਂ ਜ਼ਬਤ ਕਰਨ ਦੇ ਨਿਰਦੇਸ਼ ਦਿੱਤੇ ਹਨ। ਡਿਪਟੀ ਕਮਿਸ਼ਨਰ ਬੀ ਸ੍ਰੀਨਿਵਾਸਨ ਨੇ ਕਿਹਾ ਕਿ ਪਰਾਲੀ ਨੂੰ ਅੱਗ ਲਗਾਉਣਾ ਗ਼ੈਰ ਕਾਨੂੰਨੀ ਹੈ ਅਤੇ ਆਉਣ ਵਾਲੇ ਸਮੇਂ 'ਚ ਵੀ ਜ਼ਿਲ੍ਹਾ ਪ੍ਰਸ਼ਾਸਨ ਨਿਯਮਾਂ ਦੀ ਅਣਦੇਖੀ ਕਰਨ ਵਾਲੇ ਕਿਸਾਨਾਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।