ਬਠਿੰਡਾ: ਪੰਜਾਬ ਸਰਕਾਰ ਵੱਲੋਂ ਲਗਾਤਾਰ ਇਹ ਉਪਰਾਲੇ ਕੀਤੇ ਜਾ ਰਹੇ ਸਨ ਕਿ ਕਿਸਾਨ ਫ਼ਸਲੀ ਵਿਭਿੰਨਤਾ ਅਪਨਾਉਣ ਪਰ ਸਰਕਾਰ ਦੇ ਇਹ ਉਪਰਾਲਿਆਂ ਦੀ ਹੁਣ ਫੂਕ ਨਿਕਲਦੀ ਨਜ਼ਰ ਆ ਰਹੀ ਹੈ। ਬਠਿੰਡਾ ਦੇ ਸੰਗਤ ਬਲਾਕ ਵਿੱਚ ਗੁਲਾਬੀ ਸੁੰਡੀ ਅਤੇ ਚਿੱਟੇ ਮੱਛਰ ਦੇ ਹਮਲੇ ਕਾਰਨ ਸੌ ਏਕੜ ਤੋਂ ਉੱਪਰ ਕਿਸਾਨਾਂ ਵੱਲੋਂ ਨਰਮੇ ਦੀ ਫਸਲ ਵਾਹ ਦਿੱਤੀ ਗਈ ਹੈ।
ਪਿੰਡ ਸੰਗਤ ਮੰਡੀ ਦੇ ਕਿਸਾਨਾਂ ਦਾ ਕਹਿਣਾ ਸੀ ਕਿ ਧਰਤੀ ਹੇਠਲਾ ਪਾਣੀ ਬਚਾਉਣ ਲਈ ਅਤੇ ਫ਼ਸਲੀ ਵਿਭਿੰਨਤਾ ਅਪਨਾਉਣ ਲਈ ਸਰਕਾਰ ਵੱਲੋਂ ਜੋ ਕਿਸਾਨਾਂ ਨੂੰ ਉਪਰਾਲੇ ਕਰਨ ਦੇ ਦਾਅਵੇ ਕੀਤੇ ਜਾ ਰਹੇ ਸਨ ਉਹ ਦਾਅਵੇ ਖੋਖਲੇ ਨਜ਼ਰ ਆ ਰਹੇ ਹਨ ਕਿਉਂਕਿ ਨਰਮੇ ਦੀ ਫ਼ਸਲ ’ਤੇ ਗੁਲਾਬੀ ਸੁੰਡੀ ਨੇ ਬੁਰੀ ਤਰ੍ਹਾਂ ਹਮਲਾ ਕੀਤਾ ਹੈ ਰਹਿੰਦੀ ਕਸਰ ਚਿੱਟੇ ਮੱਛਰ ਨੇ ਪੂਰੀ ਕਰ ਦਿੱਤੀ ਹੈ ਜਿਸ ਕਾਰਨ ਨਰਮੇ ਦੀ ਫ਼ਸਲ ਬੁਰੀ ਤਰ੍ਹਾਂ ਬਰਬਾਦ ਹੋ ਗਈ ਹੈ ਅਤੇ ਹੁਣ ਕਿਸਾਨਾਂ ਨੂੰ ਮੁੜ ਨਰਮੇ ਦੀ ਫਸਲ ਵਾਹ ਕੇ ਝੋਨਾ ਬੀਜਣਾ ਪਵੇਗਾ।
ਕਿਸਾਨਾਂ ਦਾ ਕਹਿਣਾ ਹੈ ਕਿ ਪਹਿਲਾਂ ਪੰਜਾਹ ਪੰਜਾਹ ਹਜ਼ਾਰ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਜ਼ਮੀਨਾਂ ਠੇਕੇ ’ਤੇ ਲਈਆਂ ਹਨ ਅਤੇ ਦਸ ਤੋਂ ਵੀਹ ਹਜ਼ਾਰ ਨਰਮੇ ਦੀ ਫ਼ਸਲ ਬੀਜਣ ’ਤੇ ਖ਼ਰਚ ਆਇਆ ਅਤੇ ਹੁਣ ਗੁਲਾਬੀ ਸੁੰਡੀ ਅਤੇ ਚਿੱਟੇ ਮੱਛਰ ਦੇ ਹਮਲੇ ਤੋਂ ਬਾਅਦ ਦਸ ਹਜ਼ਾਰ ਤੋਂ ਉਪਰ ਨਰਮੇ ਦੀ ਫਸਲ ਨੂੰ ਵਹਾਉਣ ’ਤੇ ਉੱਪਰ ਖਰਚਾ ਹੋ ਰਿਹਾ ਹੈ। ਇਸ ਤੋਂ ਬਾਅਦ ਫਿਰ ਤੋਂ ਝੋਨੇ ਦੀ ਲਵਾਈ ਲਈ ਉਨ੍ਹਾਂ ਨੂੰ ਪਹਿਲਾਂ ਪਨੀਰੀ ਦਾ ਪ੍ਰਬੰਧ ਕਰਨਾ ਪਵੇਗਾ ਅਤੇ ਫਿਰ ਝੋਨੇ ਨੂੰ ਲੁਗਵਾਉਣ ਵਾਸਤੇ ਵੱਖਰਾ ਖਰਚਾ ਕਰਨਾ ਪਵੇਗਾ।
ਉਨ੍ਹਾਂ ਕਿਹਾ ਕਿ ਇਸ ਨਾਲ ਕਿਸਾਨਾਂ ਨੂੰ ਦੂਹਰੀ ਮਾਰ ਪਏਗੀ। ਉਨ੍ਹਾਂ ਦੱਸਿਆ ਕਿ ਭਾਵੇਂ ਉਨ੍ਹਾਂ ਵੱਲੋਂ ਲਗਾਤਾਰ ਗੁਲਾਬੀ ਸੁੰਡੀ ਅਤੇ ਚਿੱਟੇ ਮੱਛਰ ਦੇ ਹਮਲੇ ਸਬੰਧੀ ਖੇਤੀਬਾੜੀ ਵਿਭਾਗ ਨਾਲ ਸੰਪਰਕ ਕੀਤਾ ਜਾਂਦਾ ਰਿਹਾ ਪਰ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਵੱਲੋਂ ਇਸ ਹਮਲੇ ਨੂੰ ਰੋਕਣ ਲਈ ਕੋਈ ਪੁਖਤਾ ਪ੍ਰਬੰਧ ਨਹੀਂ ਕੀਤੇ ਗਏ ਜਿਸ ਕਾਰਨ ਨਰਮੇ ਦੀ ਫਸਲ ਬਰਬਾਦ ਹੋ ਚੁੱਕੀ ਹੈ ਅਤੇ ਹੁਣ ਕਿਸਾਨਾਂ ਨੂੰ ਮੁੜ ਦੇਰੀ ਨਾਲ ਝੋਨਾ ਲਗਾਉਣਾ ਪਵੇਗਾ।
ਕਿਸਾਨਾਂ ਨੇ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਫ਼ਸਲਾਂ ਬੀਜਣ ਤੋਂ ਪਹਿਲਾਂ ਹੀ ਉਸ ਉੱਪਰ ਹੋਣ ਵਾਲੇ ਹਮਲਿਆਂ ਸਬੰਧੀ ਖੇਤੀਬਾੜੀ ਵਿਭਾਗ ਨੂੰ ਸੁਚੇਤ ਕੀਤਾ ਜਾਵੇ ਅਤੇ ਇਸ ਦਾ ਹੱਲ ਲੱਭਣ ਲਈ ਕਿਹਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅੱਜ ਕਿਸਾਨਾਂ ਦਾ ਵੱਡੀ ਪੱਧਰ ’ਤੇ ਆਰਥਿਕ ਨੁਕਸਾਨ ਹੋ ਰਿਹਾ ਹੈ।
ਇਹ ਵੀ ਪੜ੍ਹੋ: ਨਰਮੇ ਦੀ ਫ਼ਸਲ ’ਤੇ ਚਿੱਟੇ ਮੱਛਰ ਤੇ ਗੁਲਾਬੀ ਸੁੰਡੀ ਦੀ ਮਾਰ