ਬਠਿੰਡਾ: ਸ਼ਹਿਰ ਵਿੱਚ ਮੰਡੀ ਵਿੱਚ ਨਰਮੇ ਦੀ ਫ਼ਸਲ ਵੇਚਣ ਆਏ ਕਿਸਾਨਾਂ ਨੂੰ ਫ਼ਸਲ ਦਾ ਸਹੀ ਭਾਅ ਨਹੀਂ ਮਿਲ ਰਿਹਾ ਹੈ ਜਿਸ ਕਰਕੇ ਉਨ੍ਹਾਂ ਨੂੰ ਕਾਫ਼ੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਬਾਰੇ ਜਦੋਂ ਈਟੀਵੀ ਭਾਰਤ ਨੇ ਕਿਸਾਨਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਮਜਬੂਰੀ ਕਰਕੇ ਘੱਟ ਭਾਅ ਵਿੱਚ ਫ਼ਸਲ ਵੇਚਣੀ ਪੈ ਰਹੀ ਹੈ, ਕਿਉਂਕਿ ਤਿਉਹਾਰਾਂ ਦੇ ਦਿਨ ਹੋਣ ਕਰਕੇ ਉਨ੍ਹਾਂ ਦੀਆਂ ਪਰਿਵਾਰਕ ਜ਼ਰੂਰਤਾਂ ਤੇ ਉਧਾਰੀ ਮੋੜਨ ਦੇ ਲਈ ਘੱਟ ਭਾਅ 'ਤੇ ਹੀ ਨਰਮਾ ਵੇਚਣਾ ਪੈਂਦਾ ਹੈ।
ਕਿਸਾਨਾਂ ਦਾ ਕਹਿਣਾ ਹੈ ਕਿ ਹੁਣ ਕਿਸਾਨੀ ਬਹੁਤ ਔਖੀ ਹੋ ਚੁੱਕੀ ਹੈ, ਕਿਉਂਕਿ ਕਦੇ ਗੜ੍ਹਿਆਂ ਦੀ ਮਾਰ ਤੇ ਕਦੇ ਭਾਰੀ ਬਰਸਾਤ ਦੀ ਮਾਰ ਪੈ ਜਾਂਦੀ ਹੈ। ਦੂਜੇ ਪਾਸੇ ਫ਼ਸਲਾਂ ਨੂੰ ਬਚਾਉਣ ਦੇ ਲਈ ਜੋ ਸਪਰੇਹਾਂ ਵਰਤੀਆਂ ਜਾਂਦੀਆਂ ਹਨ, ਉਨ੍ਹਾਂ ਦਾ ਮੁੱਲ ਵੀ ਅਸਮਾਨੀ ਹੋ ਚੁੱਕਿਆ ਹੈ ਜਿਸ ਕਰਕੇ ਆਪਣੇ ਖ਼ਰਚੇ ਪੂਰੇ ਕਰਨ ਵਿੱਚ ਵੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ। ਕਿਸਾਨਾਂ ਨੇ ਪ੍ਰਸ਼ਾਸਨ ਅਤੇ ਸਰਕਾਰਾਂ ਨੂੰ ਐੱਮਐੱਸਪੀ ਵਿੱਚ ਵਾਧਾ ਕਰਨ ਲਈ ਮੰਗ ਕੀਤੀ ਹੈ ਕਿ ਜੋ ਨਰਮੇ ਦਾ ਭਾਅ ਲਗਭਗ ਛੇ ਹਜ਼ਾਰ ਹੋਣਾ ਚਾਹੀਦਾ ਹੈ ਤਾਂ ਕਿ ਉਹ ਆਪਣੀ ਜ਼ਿੰਦਗੀ ਨੂੰ ਸੁਖ਼ਾਲਾ ਬਤੀਤ ਕਰ ਸਕਣ।