ਬਠਿੰਡਾ: ਬਿਰਧ ਅਵਸਥਾ ਵਿੱਚ ਬਜ਼ੁਰਗਾਂ ਦਾ ਸਹਾਰਾ ਬਣਨ ਵਾਲੀ ਬਢਾਪਾ ਪੈਨਸ਼ਨ ਲੈਣ ਲਈ ਹੁਣ ਪੰਜਾਬ ਸਰਕਾਰ ਵੱਲੋਂ ਨਵੀਆਂ ਸ਼ਰਤਾਂ ਲਾਗੂ ਕਰ ਦਿੱਤੀਆਂ ਗਈਆਂ ਹਨ। ਹੁਣ ਬੁਢਾਪਾ ਪੈਨਸ਼ਨ ਲਈ ਅਪਲਾਈ ਕਰਨ ਵਾਲੇ ਬਜ਼ੁਰਗਾਂ ਨੂੰ ਆਪਣਾ ਜਨਮ ਸਰਟੀਫਿਕੇਟ ਜਾਂ ਲਿਵਿੰਗ ਸਰਟੀਫਿਕੇਟ ਦੇਣਾ ਜ਼ਰੂਰੀ ਹੋਵੇਗਾ। ਪੰਜਾਬ ਸਰਕਾਰ ਵੱਲੋਂ ਲਾਗੂ ਕੀਤੀ ਗਈ ਨਵੀਂ ਸਕੀਮ ਤੋਂ ਬੁਢਾਪਾ ਪੈਨਸ਼ਨ ਲੈਣ ਲਈ ਅਪਲਾਈ ਕਰਨ ਵਾਲੇ ਬਜ਼ੁਰਗ ਪ੍ਰੇਸ਼ਾਨ ਨਜ਼ਰ ਆ ਰਹੇ ਹਨ ਕਿਉਂਕਿ 60-65 ਸਾਲ ਪੁਰਾਣਾ ਰਿਕਾਰਡ ਕਿਸੇ ਵੀ ਵਿਅਕਤੀ ਨੂੰ ਇਕੱਠਾ ਕਰਨਾ ਮੁਸ਼ਕਿਲ ਹੈ ਅਤੇ ਨਾ ਹੀ ਉਸ ਸਮੇਂ ਜਨਮ ਸਰਟੀਫਿਕੇਟ ਬਣਾਉਣ ਦਾ ਕੁਝ ਪੁਖ਼ਤਾ ਪ੍ਰਬੰਧ ਸੀ। ਕਈ ਵਿਅਕਤੀਆਂ ਵੱਲੋਂ ਸਕੂਲੀ ਪੜ੍ਹਾਈ ਅੱਧ ਵਿਚਕਾਰ ਛੱਡ ਦਿੱਤੀ ਗਈ ਜਿਸ ਕਾਰਨ ਉਨ੍ਹਾਂ ਨੂੰ ਸਕੂਲ ਲਿਿਵੰਗ ਸਰਟੀਫਿਕੇਟ ਨਹੀਂ ਮਿਲ ਸਕਿਆ।
ਬਜ਼ੁਰਗ ਖਾ ਰਹੇ ਧੱਕੇ: ਹੁਣ ਨਵੀਂ ਬੁਢਾਪਾ ਪੈਨਸ਼ਨ ਅਪਲਾਈ ਕਰਨ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਬੁਢਾਪਾ ਪੈਨਸ਼ਨ ਲਗਵਾਉਣ ਲਈ ਦਫ਼ਤਰਾਂ ਦੇ ਧੱਕੇ ਖਾਣੇ ਪੈ ਰਹੇ ਹਨ। ਉਹ ਸੱਠ ਸੱਤਰ ਸਾਲ ਪੁਰਾਣਾ ਰਿਕਾਰਡ ਕਿੱਥੋ ਲੈ ਕੇ ਆਉਣ। ਪੁਲਿਸ ਵਿਭਾਗ ਵਿੱਚੋਂ ਰਿਟਾਇਰਡ ਇੰਸਪੈਕਟਰ ਦਰਸ਼ਨ ਸਿੰਘ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਬੁਢਾਪਾ ਪੈਨਸ਼ਨ ਨੂੰ ਲੈ ਕੇ ਨਵੀਆਂ ਸ਼ਰਤਾਂ ਲਗਾਈਆਂ ਗਈਆਂ ਹਨ , ਇਸ ਨਾਲ ਬਜ਼ੁਰਗਾਂ ਦੀਆਂ ਸਮਸਿਆਵਾਂ ਹੋਰ ਵੱਧ ਗਈਆਂ ਹਨ, ਕਿਉਂਕਿ ਉਨ੍ਹਾਂ ਨੂੰ ਆਪਣਾ ਰਿਕਾਰਡ ਇਕੱਠਾ ਕਰਨ ਲਈ ਹੁਣ ਦਫ਼ਤਰਾਂ ਦੇ ਚੱਕਰ ਲਗਾਉਣੇ ਪੈਣਗੇ।

ਉਨ੍ਹਾਂ ਆਖਿਆ ਕਿ ਸਰਕਾਰ ਨੇ ਬੁਢਾਪਾ ਪੈਨਸ਼ਨ ਸਹੂਲਤ ਲਈ ਬਜ਼ੁਰਗਾਂ ਨੂੰ ਦੇਣੀ ਸੀ ਪਰ ਇਸ ਪੈਨਸ਼ਨ ਲਗਵਾਉਣ ਲਈ ਹੋਣ ਇਨ੍ਹਾਂ ਬਜ਼ੁਰਗਾਂ ਨੂੰ ਵੱਡੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਵੇਗਾ।ਬੁਢਾਪਾ ਪੈਨਸ਼ਨ ਲੈਣ ਲਈ ਦਰ-ਦਰ ਦੀਆਂ ਠੋਕਰਾਂ ਖਾ ਰਹੇ ਸੁਖਦੇਵ ਸਿੰਘ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਜੋ ਨਵੇਂ ਨਿਯਮ ਲਾਗੂ ਕੀਤੇ ਗਏ ਹਨ , ਉਸ ਨਾਲ ਬਜ਼ੁਰਗਾਂ ਨੂੰ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪਵੇਗਾ। ਉਹਨਾਂ ਦਾ ਕਹਿਣਾ ਕਿ ਪਹਿਲਾਂ ਹੀ ਉਹ ਦਫ਼ਤਰਾਂ ਦੇ ਧੱਕੇ ਖਾ ਰਹੇ ਹਨ ਕਿਉਂਕਿ ਬਜ਼ੁਰਗ ਹੋਣ ਕਾਰਨ ਕਦੇ ਉਨ੍ਹਾਂ ਦੇ ਅਧਾਰ ਕਾਰਡ ਨਾਲ ਹੱਥਾਂ ਦੇ ਨਿਸ਼ਾਨ ਮੈਚ ਨਹੀਂ ਕਰਦੇ ਅਤੇ ਕਦੇ ਦਫ਼ਤਰੀ ਬਾਬੂ ਵੱਲੋਂ ਉਨ੍ਹਾਂ ਦੇ ਕਾਗਜ਼ਾਂ ਵਿੱਚ ਕੋਈ ਨਾ ਕੋਈ ਕਮੀ ਕਰ ਦਿੱਤੀ ਜਾਂਦੀ ਹੈ। ਹੁਣ ਪੰਜਾਬ ਸਰਕਾਰ ਵੱਲੋਂ ਜਨਮ ਸਰਟੀਫਿਕੇਟ ਦੀ ਲਗਾਈ ਗਈ ਸ਼ਰਤ ਕਾਰਨ ਉਨ੍ਹਾਂ ਨੂੰ ਹੋਰ ਪ੍ਰੇਸ਼ਾਨੀ ਹੋਵੇਗੀ ਕਿਉਂਕਿ ਉਹ ਉਸ ਸਮੇਂ ਧਰਮਸ਼ਾਲਾਵਾਂ ਵਿੱਚ ਚੱਲਣ ਵਾਲੇ ਸਕੂਲਾਂ ਵਿੱਚ ਪੜ੍ਹੇ ਸਨ ਜਿਨ੍ਹਾਂ ਦਾ ਰਿਕਾਰਡ ਮਿਲਣਾ ਮੁਸ਼ਕਲ ਹੈ। ਉਨ੍ਹਾਂ ਨੂੰ ਸੀ ਕਿ ਇਹ ਬੁਢਾਪਾ ਪੈਨਸ਼ਨ ਨਾਲ ਆਪਣੀ ਗ਼ੁਜ਼ਰ ਬਸਰ ਕਰ ਲੈਣਗੇ ਪਰ ਹੁਣ ਨਵੀਆਂ ਸ਼ਰਤਾਂ ਅਨੁਸਾਰ ਉਹ ਬਢਾਪਾ ਪੈਨਸ਼ਨ ਵੀ ਨਹੀਂ ਲੈ ਸਕਣਗੇ। ਇਸ ਲਈ ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਸਰਕਾਰ ਨੂੰ ਨਵੀਆਂ ਸ਼ਰਤਾਂ ਬਦਲਣੀਆਂ ਚਾਹੀਦੀਆਂ ਹਨ।
ਦੋ ਮਹੀਨੇ ਤੋਂ ਨਹੀਂ ਮਿਲੀ ਪੈਨਸ਼ਨ: ਬੁਢਾਪਾ ਪੈਨਸ਼ਨ ਲੈ ਰਹੇ ਨੈਬ ਸਿੰਘ ਦਾ ਕਹਿਣਾ ਹੈ ਕਿ ਪਿਛਲੇ 2 ਮਹੀਨਿਆਂ ਤੋਂ ਉਨ੍ਹਾਂ ਨੂੰ ਬੁਢਾਪਾ ਪੈਨਸ਼ਨ ਨਹੀਂ ਮਿਲ ਰਹੀ। ਉਹ ਦਫ਼ਤਰਾਂ ਦੇ ਚੱਕਰ ਕੱਟਣ ਲਈ ਮਜ਼ਬੂਰ ਹਨ ਪਰ ਹੁਣ ਸਰਕਾਰ ਵੱਲੋਂ ਨਵੀਆਂ ਸ਼ਰਤਾਂ ਲਗਾ ਦਿੱਤੀਆਂ ਗਈਆਂ ਹਨ। ਇਨ੍ਹਾਂ ਨਵੀਆਂ ਸ਼ਰਤਾਂ ਕਾਰਨ ਉਹਨਾਂ ਨੂੰ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਕਿਉਂਕਿ ਉਹ 70 ਸਾਲ ਪੁਰਾਣਾ ਰਿਕਾਰਡ ਕਿਥੋਂ ਲੈ ਕੇ ਆਉਣਗੇ। ਸਰਕਾਰ ਵੱਲੋਂ ਇੱਕੋ ਇੱਕ ਦਿੱਤੀ ਜਾ ਰਹੀ ਬੁਢਾਪਾ ਪੈਨਸ਼ਨ ਦੀ ਸਹੂਲਤ ਪਿਛਲੇ ਦੋ ਮਹੀਨਿਆਂ ਤੋਂ ਬੰਦ ਹੋਣ ਕਾਰਨ ਉਨ੍ਹਾਂ ਨੂੰ ਬਹੁਤ ਦਿੱਕਤਾਂ ਦੇ ਦੌਰ ਵਿੱਚੋਂ ਗੁਜ਼ਰਨਾ ਪੈ ਰਿਹਾ ਹੈ।

ਕੀ ਹਨ ਨਵੀਂਆਂ ਸ਼ਰਤਾਂ: ਪੰਜਾਬ ਸਰਕਾਰ ਵੱਲੋਂ ਹੁਣ ਬੁਢਾਪਾ ਪੈਨਸ਼ਨ ਅਪਲਾਈ ਕਰਨ ਵਾਲਿਆਂ ਨੂੰ ਜਨਮ ਸਰਟੀਫਿਕੇਟ ਸਕੂਲ, ਲਿਵਿੰਗ ਸਰਟੀਫਿਕੇਟ, ਵੋਟਰ ਕਾਰਡ, ਰਾਸ਼ਨ ਕਾਰਡ, ਬੈਂਕ ਖਾਤੇ ਦੀ ਜਾਣਕਾਰੀ ਅਤੇ ਰਿਹਾਇਸ਼ੀ ਸਬੂਤ ਜ਼ਰੂਰੀ ਕਰ ਦਿੱਤੇ ਗਏ ਹਨ। ਇਥੇ ਦੱਸਣਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਔਰਤਾਂ ਨੂੰ 58 ਸਾਲ ਅਤੇ ਮਰਦਾਂ ਨੂੰ 65 ਸਾਲ ਦੀ ਉਮਰ ਤੋਂ ਬਾਅਦ ਬੁਢਾਪਾ ਪੈਨਸ਼ਨ ਕੁਝ ਨਿਯਮਾਂ ਅਧੀਨ ਦਿੱਤੀ ਜਾਂਦੀ। ਬੁਢਾਪਾ ਪੈਨਸ਼ਨ ਲੈਣ ਵਾਲੇ ਵਿਅਕਤੀ ਨੂੰ ਹਰ ਮਹੀਨੇ 15 ਸੌ ਰੁਪਿਆ ਸਰਕਾਰ ਵੱਲੋਂ ਦਿੱਤਾ ਜਾਂਦਾ ਹੈ ਤਾਂ ਜੋ ਉਹ ਆਪਣੀਆਂ ਲੋੜਾਂ ਪੂਰੀਆਂ ਕਰ ਸਕੇ। ਪੰਜਾਬ ਵਿੱਚ 31 ਦਸੰਬਰ 2022 ਤਕ 2063834 ਲੋਕ ਬੁਢਾਪਾ ਪੈਨਸ਼ਨ ਲੈ ਰਹੇ ਸਨ।